Woman running behind the Govt bus : ਜਲੰਧਰ : ਪੰਜਾਬ ਵਿੱਚ ਔਰਤਾਂ ਨੂੰ ਮੁਫਤ ਬੱਸ ਸਫਰ ਦੀ ਹਕੀਕਤ ਪਹਿਲੇ ਹੀ ਦਿਨ ਸਾਹਮਣੇ ਆ ਗਈ। ਇੱਕ ਔਰਤ ਟੂ-ਵ੍ਹੀਲਰ ’ਤੇ ਬੱਸ ਵਿੱਚ ਚੜ੍ਹਣ ਲਈ ਪਿੱਛੇ ਭਜਦੀ ਰਹੀ। ਡਰਾਈਵਰ ਨੂੰ ਕਈ ਵਾਰ ਰੁਕਣ ਦੇ ਇਸ਼ਾਰੇ ਵੀ ਕੀਤੇ ਪਰ ਬੱਸ ਨਹੀਂ ਰੁਕੀ। ਅੱਗੇ ਜਲੰਧਰ ਕੈਂਟ ਐਂਟਰੀ ਦੇ ਕੋਲ ਰੁਕੀ ਅਤੇ ਔਰਤ ਦੋਪਹੀਆ ਵਾਹਨ ਤੋਂ ਉਤਰ ਕੇ ਚੜ੍ਹਣ ਲੱਗੀ ਤਾਂ ਬੱਸ ਵਾਲਾ ਉਸ ਨੂੰ ਅੱਗੇ-ਪਿੱਛੇ ਕਰਨ ਲੱਗਾ। ਜਿਵੇਂ ਹੀ ਔਰਤ ਨੇ ਬੱਸ ਵਿੱਚ ਚੜ੍ਹਨ ਦੀ ਕੋਸ਼ਿਸ਼ ਕੀਤੀ, ਉਸਨੇ ਬੱਸ ਚਲਾ ਦਿੱਤੀ। ਜਿਸ ਤੋਂ ਬਾਅਦ ਉਹ ਬੱਸ ਦੇ ਪਹੀਏ ਹੇਠਾਂ ਆਉਣ ਤੋਂ ਵਾਲ-ਵਾਲ ਬਚੀ।
ਇਹ ਸਾਰੀ ਘਟਨਾ ਮੋਬਾਈਲ ‘ਤੇ ਇਕ ਸੋਸ਼ਲ ਮੀਡੀਆ ਯੂਜ਼ਰ ਵੱਲੋਂ ਰਿਕਾਰਡ ਕਰ ਲਈ ਗਈ। ਇਸ ਨੂੰ ਸਾਂਝਾ ਕਰਦੇ ਹੋਏ, ਉਸਨੇ ਲਿਖਿਆ ਕਿ ਉਹ ਸਨੈਪਚੈਟ ਦੀ ਵੀਡੀਓ ਬਣਾ ਰਿਹਾ ਸੀ, ਫਿਰ ਵੇਖਿਆ ਕਿ ਇਹ ਔਰਤ 15 ਮਿੰਟ ਤੋਂ ਬੱਸ ਦਾ ਪਿੱਛਾ ਕਰ ਰਹੀ ਸੀ। ਹਾਲਾਂਕਿ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਡਰਾਈਵਰਾਂ ਦੀ ਇਹ ਕਰਤੂਤ ਪਹਿਲੀ ਵਾਰ ਨਹੀਂ ਹੈ। ਪਹਿਲਾਂ ਹੀ ਪਾਸ ਵਾਲੇ ਸਟੂਡੈਂਟਸ ਲਈ ਬੱਸਾਂ ਨਹੀਂ ਰੋਕੀਆਂ ਜਾਂਦੀਆਂ ਸਨ।
ਦੱਸ ਦੇਈਏ ਕਿ ਪੰਜਾਬ ਦੀ ਕੈਪਟਨ ਸਰਕਾਰ ਦੀ ਔਰਤਾਂ ਨੂੰ ਸਿਰਫ ਪੰਜਾਬ ਦੇ ਅੰਦਰ ਮੁਫਤ ਯਾਤਰਾ ਦੀ ਸਹੂਲਤ ਹੈ। ਪੰਜਾਬ ਦੀ ਯਾਤਰਾ ਲਈ ਉਨ੍ਹਾਂ ਨੂੰ ਜ਼ੀਰੋ ਰੁਪਏ ਦੀ ਟਿਕਟ ਦਿੱਤੀ ਜਾ ਰਹੀ ਹੈ। ਜੇ ਕੋਈ ਮਹਿਲਾ ਯਾਤਰੀ ਜਲੰਧਰ ਤੋਂ ਚੰਡੀਗੜ੍ਹ ਜਾਣਾ ਚਾਹੁੰਦੀ ਹੈ, ਤਾਂ ਉਨ੍ਹਾਂ ਨੂੰ ਮੁਹਾਲੀ ਤੋਂ ਮੁਫਤ ਟਿਕਟ ਦਿੱਤੀ ਜਾਏਗੀ ਪਰ ਮੋਹਾਲੀ ਤੋਂ ਚੰਡੀਗੜ੍ਹ ਲਈ 20 ਰੁਪਏ ਦੇਣੇ ਪੈਣਗੇ।
ਇਸੇ ਤਰ੍ਹਾਂ ਜੇ ਕੋਈ ਬੱਸ ਪੰਜਾਬ ਤੋਂ ਬਾਹਰ ਜਾਂਦੀ ਹੈ, ਤਾਂ ਕਿਰਾਏ ਦਾ ਭੁਗਤਾਨ ਉਥੇ ਕਰਨਾ ਪਏਗਾ। ਉਥੇ ਹੀ ਪੰਜਾਬ ਸਰਕਾਰ ਦੀਆਂ ਬੱਸਾਂ ਵਿਚ ਮੁਫਤ ਯਾਤਰਾ ਲਈ, ਮਹਿਲਾ ਦੇ ਕੋਲ ਆਧਾਰ ਕਾਰਡ ਜਾਂ ਵੋਟਰ ਕਾਰਡ ਹੋਣਾ ਲਾਜ਼ਮੀ ਹੈ। ਅਜਿਹਾ ਇਸ ਲਈ ਕਿਉਂਕਿ ਇਹ ਸਹੂਲਤ ਸਿਰਫ ਉਨ੍ਹਾਂ ਔਰਤਾਂ ਲਈ ਹੈ ਜੋ ਪੰਜਾਬ ਵਿਚ ਰਹਿੰਦੀਆਂ ਹਨ।