Weekend lockdown may resume in Punjab : ਚੰਡੀਗੜ੍ਹ : ਪੰਜਾਬ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ ਜਿਸ ਕਾਰਨ ਪੰਜਾਬ ਵਿੱਚ ਮੁੜ ਵੀਕੈਂਡ ਲੌਕਡਾਊ ਲੱਗ ਸਕਦਾ ਹੈ। ਇਸ ਦਾ ਸੰਕੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਫੇਸਬੁੱਕ ‘ਤੇ ਲਾਈਵ ਹੋ ਕੇ ਦਿੱਤਾ। ਕੈਪਟਨ ਨੇ ਕਿਹਾ ਹੈ ਕਿ ਇਕ-ਦੂਜੇ ਦੇ ਸੰਪਰਕ ‘ਚ ਘੱਟ ਆਉਣ ਤਾਂ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ ਤੇ ਵੀਕੈਂਡ ਭਾਵ ਸ਼ਨੀਵਾਰ ਦੇ ਦਿਨ ਲੋਕ ਇਕ-ਦੂਜੇ ਦੇ ਜ਼ਿਆਦਾ ਸੰਪਰਕ ‘ਚ ਆਉਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਹ ਪੰਜਾਬ ਦੇ ਲੋਕਾਂ ‘ਤੇ ਸਖਤ ਕਦਮ ਨਹੀਂ ਚੁੱਕਣਾ ਚਾਹੁੰਦੇ ਪਰ ਲੋਕਾਂ ਦੀ ਜਾਨ ਬਚਾਉਣਾ ਵੀ ਉਨ੍ਹਾਂ ਦਾ ਫਰਜ਼ ਹੈ। ਇਸ ਦੇ ਲਈ ਜੇਕਰ ਉਨ੍ਹਾਂ ਨੂੰ ਸਖਤੀ ਵੀ ਕਰਨੀ ਪਈ ਤਾਂ ਉਹ ਕਰਨਗੇ।
ਦੱਸਣਯੋਗ ਹੈ ਕਿ ਪੰਜਾਬ ਵਿੱਚ ਕੋਰੋਨਾ ਦਾ ਕਹਿਰ ਮੁੜ ਵਧਣ ਲੱਗ ਗਿਆ ਹੈ। ਹਰ ਦਿਨ ਇਸ ਦੇ ਮਾਮਲੇ ਪਹਿਲਾਂ ਨਾਲੋਂ ਵਧ ਹੀ ਸਾਹਮਣੇ ਆ ਰਹੇ ਹਨ। ਬੀਤੇ ਦਿਨ ਜਾਰੀ ਅੰਕੜਿਆਂ ਮੁਤਾਬਕ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕੋਰੋਨਾ ਦੇ 3187 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਜਲੰਧਰ ਤੇ ਮੋਹਾਲੀ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਿਥੇ ਕ੍ਰਮਵਾਰ 416 ਤੇ 407 ਪਾਜ਼ੀਟਿਵ ਮਾਮਲੇ ਦਰਜ ਕੀਤੇ ਗਏ। ਉਥੇ ਹੀ ਅੱਜ ਕੋਰੋਨਾ ਨਾਲ 60 ਲੋਕਾਂ ਦੀ ਮੌਤ ਹੋਈ, ਜਦਕਿ ਅੱਜ 2291 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦੇ ਦਿੱਤੀ। ਹੁਣ ਤੱਕ ਪੰਜਾਬ ਤੋਂ ਕੋਰੋਨਾ ਦੇ 242895 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 211325 ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ 24644 ਮਾਮਲੇ ਅਜੇ ਵੀ ਐਕਟਿਵ ਹਨ। ਹੁਣ ਤੱਕ ਸੂਬੇ ਵਿੱਚ ਕੋਰੋਨਾ ਨਾਲ 6926 ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ।