8 groundsmen at Wankhede Stadium: IPL ਦੇ 14ਵੇਂ ਸੀਜ਼ਨ ਦੇ ਸ਼ੁਰੂ ਹੋਣ ਵਿੱਚ ਅਜੇ ਕੁਝ ਹੀ ਦਿਨ ਬਾਕੀ ਹਨ । ਦੁਨੀਆ ਦੀ ਸਭ ਤੋਂ ਪ੍ਰਸਿੱਧ ਟੀ-20 ਲੀਗ ਇਸ ਵਾਰ ਭਾਰਤ ਦੇ ਛੇ ਸ਼ਹਿਰਾਂ ਵਿੱਚ ਖੇਡੀ ਜਾਵੇਗੀ । ਮੌਜੂਦਾ ਸੀਜ਼ਨ ਦੀ ਸ਼ੁਰੂਆਤ ਮੁੰਬਈ ਇੰਡੀਅਨਜ਼ (ਐਮਆਈ) ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਵਿਚਾਲੇ 9 ਅਪ੍ਰੈਲ ਨੂੰ ਚੇੱਨਈ ਵਿੱਚ ਹੋਏ ਮੈਚ ਨਾਲ ਹੋਵੇਗੀ। ਇਸ ਦੌਰਾਨ ਕੋਰੋਨਾ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ ।
ਦਰਅਸਲ, ਮੁੰਬਈ ਦੇ ਵਾਨਖੇੜੇ ਸਟੇਡੀਅਮ ਦੇ 8 ਗ੍ਰਾਊਂਡ ਸਟਾਫ ਕੋਰੋਨਾ ਵਾਇਰਸ ਨਾਲ ਪਾਏ ਗਏ ਹਨ । ਇਸ ਸਟੇਡੀਅਮ ਵਿੱਚ IPL ਦੇ 10 ਮੈਚ ਖੇਡੇ ਜਾਣੇ ਹਨ । ਰਿਪੋਰਟਾਂ ਦੇ ਅਨੁਸਾਰ ਪਿਛਲੇ ਹਫਤੇ ਵਾਨਖੇੜੇ ਸਟੇਡੀਅਮ ਦੇ 19 ਗ੍ਰਾਊਂਡ ਸਟਾਫ ਮੈਂਬਰਾਂ ਦੀ ਕੋਵਿਡ-19 ਜਾਂਚ ਕੀਤੀ ਗਈ ਸੀ । ਇਨ੍ਹਾਂ ਵਿੱਚੋਂ 3 ਦੀ ਰਿਪੋਰਟ 26 ਮਾਰਚ ਨੂੰ ਆ ਗਈ ਸੀ, ਜੋ ਪਾਜ਼ੀਟਿਵ ਪਾਏ ਗਏ ਸਨ । ਇਸ ਤੋਂ ਬਾਅਦ 1 ਅਪ੍ਰੈਲ ਨੂੰ 5 ਹੋਰ ਲੋਕਾਂ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ ।
ਜ਼ਿਕਰਯੋਗ ਹੈ ਕਿ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਮੌਜੂਦਾ IPL ਦਾ ਪਹਿਲਾ ਮੈਚ 10 ਅਪ੍ਰੈਲ ਨੂੰ ਚੇੱਨਈ ਸੁਪਰ ਕਿੰਗਜ਼ ਅਤੇ ਦਿੱਲੀ ਕੈਪਿਟਲਸ ਵਿਚਾਲੇ ਖੇਡਿਆ ਜਾਵੇਗਾ। ਇੱਥੇ ਗ੍ਰਾਊਂਡ ਸਟਾਫ ਦਾ ਕੋਰੋਨਾ ਪਾਜ਼ੀਟਿਵ ਪਾਇਆ ਜਾਣਾ ਬੀਸੀਸੀਆਈ ਲਈ ਚਿੰਤਾ ਦਾ ਵਿਸ਼ਾ ਹੈ। ਮੈਚ ਬੰਦ ਦਰਵਾਜ਼ਿਆਂ ਦੇ ਪਿੱਛੇ ਖੇਡਣ ਦੀ ਯੋਜਨਾ ਹੈ। ਮੁੰਬਈ ਵਿੱਚ ਕੋਵਿਡ-19 ਦੀ ਸਥਿਤੀ ਦੇ ਮੱਦੇਨਜ਼ਰ ਮੁੰਬਈ ਕ੍ਰਿਕਟ ਐਸੋਸੀਏਸ਼ਨ ਆਈਪੀਐਲ ਦੀ ਤਿਆਰੀ ਵਿੱਚ ਜੁਟਿਆ ਹੈ। ਗ੍ਰਾਊਂਡ ਸਟਾਫ ਦੇ ਮੈਂਬਰਾਂ ਨੂੰ ਇੱਕ ਹੀ ਜਗ੍ਹਾ ‘ਤੇ ਠਹਿਰਾਉਣ ਦਾ ਵਿਚਾਰ ਕੀਤਾ ਜਾ ਰਿਹਾ ਹੈ। ਜ਼ਿਆਦਾਤਰ ਗਰਾਉਂਡਸਮੈਨ ਸਟੇਡੀਅਮ ਵਿੱਚ ਨਹੀਂ ਰਹਿੰਦੇ ਅਤੇ ਟ੍ਰੇਨ ਰਾਹੀਂ ਯਾਤਰਾ ਕਰਦੇ ਹਨ।
ਦੱਸ ਦੇਈਏ ਕਿ ਮਹਾਰਾਸ਼ਟਰ ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਰਾਜ ਹੈ। ਸ਼ੁੱਕਰਵਾਰ ਨੂੰ ਰਾਜ ਵਿੱਚ 47,827 ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ 202 ਮੌਤਾਂ ਹੋਈਆਂ ਹਨ । ਸ਼ੁੱਕਰਵਾਰ ਸ਼ਾਮ ਤੱਕ ਰਾਜ ਵਿੱਚ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ 3,89,832 ਹੈ । ਸ਼ੁੱਕਰਵਾਰ ਨੂੰ ਮੁੰਬਈ ਵਿੱਚ ਕੋਰੋਨਾ ਦੇ 8,832 ਨਵੇਂ ਕੇਸ ਸਾਹਮਣੇ ਆਏ ਅਤੇ 20 ਮੌਤਾਂ ਹੋਈਆਂ ਸਨ । ਇਸ ਤੋਂ ਪਹਿਲਾਂ ਵੀਰਵਾਰ ਨੂੰ ਇੱਥੇ 8,664 ਮਾਮਲੇ ਦਰਜ ਹੋਏ ਸਨ।