Inflation in Pakistan: ਪਾਕਿਸਤਾਨ ਵਿੱਚ ਆਟਾ, ਸਬਜ਼ੀ, ਅੰਡੇ ਅਤੇ ਚਿਕਨ ਤੋਂ ਬਾਅਦ ਹੁਣ ਖੰਡ ਦੇ ਭਾਅ ਨੂੰ ਵੀ ਅੱਗ ਲੱਗ ਗਈ ਹੈ । ਰਾਜਧਾਨੀ ਇਸਲਾਮਾਬਾਦ ਸਣੇ ਦੇਸ਼ ਦੇ ਵਧੇਰੇ ਖੇਤਰਾਂ ਵਿੱਚ ਇੱਕ ਕਿਲੋ ਖੰਡ ਕਰੀਬ 100 ਰੁਪਏ ਦੀ ਵਿਕ ਰਹੀ ਹੈ । ਰਮਜ਼ਾਨ ਦੌਰਾਨ ਇਮਰਾਨ ਸਰਕਾਰ ਦੇ ਇਸ ਮਹਿੰਗਾਈ ਬੰਬ ਦੇ ਫਟਣ ਨਾਲ ਪਾਕਿਸਤਾਨ ਦੀ ਗਰੀਬ ਜਨਤਾ ਨੂੰ ਪਰੇਸ਼ਾਨੀ ਹੋ ਰਹੀ ਹੈ । ਨਵਾਂ ਪਾਕਿਸਤਾਨ ਦਾ ਸੁਪਨਾ ਦੇਖਣ ਵਾਲੇ ਇਮਰਾਨ ਨੇ ਹਾਲ ਹੀ ਵਿੱਚ ਆਪਣੇ ਉਸ ਫੈਸਲੇ ਤੋਂ ਯੂ-ਟਰਨ ਲੈ ਲਿਆ ਸੀ, ਜਿਸ ਵਿੱਚ ਭਾਰਤ ਤੋਂ ਸਸਤੇ ਭਾਅ ਵਿੱਚ ਖੰਡ ਖਰੀਦਣ ਦੀ ਗੱਲ ਕੀਤੀ ਗਈ ਸੀ।
ਇਮਰਾਨ ਖਾਨ ਦੇ ਕਰੀਬੀ ਸਲਾਹਕਾਰ ਸ਼ਹਿਜ਼ਾਦ ਅਕਬਰ ਨੇ ਖੰਡ ਦੀਆਂ ਵਧਦੀਆਂ ਕੀਮਤਾਂ ਦਾ ਠੀਕਰਾ ਸੱਟੇਬਾਜ਼ਾਂ ਦੇ ਸਿਰ ਸੁੱਟ ਦਿੱਤਾ ਹੈ । ਖੁਦ ਦੀ ਸਰਕਾਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿੱਚ ਖੰਡ ਦੀ ਘਾਟ ਦੀ ਅਫਵਾਹ ਫੈਲਾਈ ਗਈ ਹੈ, ਜਿਸ ਕਾਰਨ ਇਸਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਹੈ । ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ ਇਸ ਮਾਮਲੇ ਵਿੱਚ ਕਈ ਲੋਕਾਂ ਖਿਲਾਫ ਕਾਰਵਾਈ ਕਰ ਚੁੱਕੀ ਹੈ।
ਪਾਕਿਸਤਾਨ ਦੇ ਇੱਕ ਨਿਊਜ਼ ਚੈਨਲ ਦੀ ਰਿਪੋਰਟ ਅਨੁਸਾਰ ਕਰਾਚੀ ਵਿੱਚ ਜਿਉਂਦੇ ਮੁਰਗੇ ਦੀ ਕੀਮਤ 370 ਰੁਪਏ ਪ੍ਰਤੀ ਕਿਲੋ ਅਤੇ ਮੀਟ ਦੀ ਕੀਮਤ 500 ਰੁਪਏ ਤੱਕ ਪਹੁੰਚ ਗਈ ਹੈ । ਵੱਡੀ ਗਿਣਤੀ ਵਿੱਚ ਸਥਾਨਕ ਖਰੀਦਦਾਰਾਂ ਨੇ ਚਿਕਨ ਮੀਟ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਗੁੱਸਾ ਜ਼ਾਹਿਰ ਕੀਤਾ ਹੈ, ਜਦਕਿ ਲਾਹੌਰ ਵਿੱਚ ਚਿਕਨ ਮੀਟ ਦੀ ਕੀਮਤ 365 ਰੁਪਏ ਕਿਲੋ ਦੱਸੀ ਜਾ ਰਹੀ ਹੈ।
ਦੱਸ ਦੇਈਏ ਕਿ ਪਾਕਿਸਤਾਨ ਜਨਵਰੀ ਮਹੀਨੇ ਤੋਂ ਭਿਆਨਕ ਗੈਸ ਸੰਕਟ ਨਾਲ ਜੂਝ ਰਿਹਾ ਹੈ। ਪਾਕਿਸਤਾਨ ਵਿੱਚ ਗੈਸ ਦੀ ਸਪਲਾਈ ਕਰਨ ਵਾਲੀ ਕੰਪਨੀ ਸੁਈ ਨਾਰਦਨ 500 ਮਿਲੀਅਨ ਸਟੈਂਡਰਡ ਕਿਊਬਕ ਫੁੱਟ ਪ੍ਰਤੀ ਦਿਨ ਗੈਸ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ । ਗੈਸ ਦੀ ਇਸ ਭਾਰੀ ਕਿੱਲਤ ਕਾਰਨ ਕੰਪਨੀ ਕੋਲ ਪਾਵਰ ਸੈਕਟਰ ਨੂੰ ਗੈਸ ਦੀ ਸਪਲਾਈ ਰੋਕਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ । ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਸਮੇਂ ਤੇ ਗੈਸ ਨਹੀਂ ਖਰੀਦੀ ਜਿਸ ਦਾ ਨਤੀਜਾ ਹੁਣ ਦੇਸ਼ ਦੀ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ।
ਇਹ ਵੀ ਦੇਖੋ: ਕੈਪਟਨ ਦੇ ਸ਼ਹਿਰ ਪਟਿਆਲਾ ਜਾ ਕੇ ਨਵਜੋਤ ਸਿੰਘ ਸਿੱਧੂ ਨੇ ਦੇਖੋ ਕੀ ਕਰ ਦਿੱਤਾ ਐਲਾਨ…