Chief Minister Yogi Adityanath receives: ਦੇਸ਼ ਵਿੱਚ ਇੱਕ ਪਾਸੇ ਜਿੱਥੇ ਕੋਰੋਨਾ ਮਹਾਂਮਾਰੀ ਨੇ ਮੁੜ ਰਫ਼ਤਾਰ ਫੜ੍ਹ ਲਈ ਹੈ, ਉੱਥੇ ਹੀ ਦੂਜੇ ਪਾਸੇ ਇਸ ਦੇ ਪ੍ਰਕੋਪ ਤੋਂ ਬਚਣ ਲਈ ਟੀਕਾਕਰਨ ਦੀ ਪ੍ਰਕਿਰਿਆ ਨੂੰ ਵੀ ਤੇਜ਼ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਲਖਨਊ ਦੇ ਸਿਵਲ ਹਸਪਤਾਲ ਵਿੱਚ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਈ । ਵੈਕਸੀਨ ਲਗਵਾਉਣ ਤੋਂ ਬਾਅਦ ਯੋਗੀ ਨੇ ਕਿਹਾ ਕਿ ਦੇਸ਼ ਅਤੇ ਦੁਨੀਆ ਦੇ ਲੋਕਾਂ ਨੂੰ ਬਚਾਉਣ ਲਈ ਭਾਰਤ ਨੇ ਦੋ ਸਵਦੇਸ਼ੀ ਟੀਕੇ ਲਾਂਚ ਕੀਤੇ ਹਨ, ਜਿਨ੍ਹਾਂ ਵਿਚੋਂ ਮੈਂ ਵੀ ਇੱਕ ਲਗਾਇਆ ਹੈ।
ਯੋਗੀ ਨੇ ਕਿਹਾ ਕਿ ਦੇਸ਼ ਵਾਸੀਆਂ ਨੂੰ ਕੋਰੋਨਾ ਵੈਕਸੀਨ ਮੁਫਤ ਵਿੱਚ ਮੁਹੱਈਆ ਕਰਵਾਉਣ ਲਈ ਮੈਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦਾ ਹਾਂ । ਇਸ ਤੋਂ ਇਲਾਵਾ ਮੈਂ ਦੇਸ਼ ਦੇ ਉਨ੍ਹਾਂ ਸਾਰੇ ਵਿਗਿਆਨੀਆਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਸਮੇਂ ‘ਤੇ ਦੋ-ਦੋ ਵੈਕਸੀਨ ਲਾਂਚ ਕੀਤੀਆਂ। ਬੀਤੇ ਇੱਕ ਸਾਲ ਤੋਂ ਮੈਂ ਉਨ੍ਹਾਂ ਸਾਰੇ ਸਿਹਤ ਕਰਮਚਾਰੀਆਂ ਅਤੇ ਕੋਰੋਨਾ ਵਾਰੀਅਰਜ਼ ਨੂੰ ਵੀ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਮਹਾਂਮਾਰੀ ਦੇ ਵਿਰੁੱਧ ਇਸ ਲੜਾਈ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕੀਤਾ ਅਤੇ ਮਨੁੱਖਤਾ ਨੂੰ ਬਚਾਉਣ ਲਈ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ।
ਯੋਗੀ ਨੇ ਅੱਗੇ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ । ਸਾਨੂੰ ਲੋਕਾਂ ਨੂੰ ਪੂਰੇ ਸਤਿਕਾਰ ਨਾਲ ਟੀਕਾ ਲਗਵਾਉਣਾ ਚਾਹੀਦਾ ਹੈ। ਟੀਕਾਕਰਨ ਦਾ ਪ੍ਰੋਗਰਾਮ ਪੂਰੇ ਦੇਸ਼ ਵਿੱਚ ਚੱਲ ਰਿਹਾ ਹੈ । ਸਾਰੇ ਲੋਕ ਜੇਕਰ ਆਪਣੀ ਵਾਰੀ ਨਾਲ ਵੈਕਸੀਨ ਲੈਣਗੇ ਤਾਂ ਇਹ ਸੁਰੱਖਿਆ ਕਵਰ ਪ੍ਰਦਾਨ ਕਰੇਗਾ। ਮੈਂ ਰਾਜ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਵੈਕਸੀਨ ਲੈਣ ਤੋਂ ਬਾਅਦ ਸਾਨੂੰ ਸਾਰੀਆਂ ਸਾਵਧਾਨੀਆਂ ਵਰਤਣੀਆਂ ਪੈਣਗੀਆਂ।
ਉਨ੍ਹਾਂ ਅੱਗੇ ਕਿਹਾ ਕਿ ਨਵਾਂ ਸਟ੍ਰੇਨ ਦੇਖਣ ਨੂੰ ਮਿਲ ਰਿਹਾ ਹੈ, ਜੋ ਕਿ ਲਾਪ੍ਰਵਾਹੀ ਦਾ ਨਤੀਜਾ ਹੈ । ਲੋਕਾਂ ਨੇ ਮਾਸਕ ਪਾਉਣਾ ਬੰਦ ਕਰ ਦਿੱਤਾ ਹੈ। ਸਮਾਜਿਕ ਦੂਰੀਆਂ ਦੀ ਪਾਲਣਾ ਵੀ ਨਹੀਂ ਕੀਤੀ ਜਾ ਰਹੀ ਹੈ। ਮੋਦੀ ਜੀ ਨੇ ਵਾਰ-ਵਾਰ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਹਰ ਸਥਿਤੀ ਵਿੱਚ ਵੈਕਸੀਨ ਦੀ ਡੋਜ਼ ਲੱਗਣ ਤੋਂ ਤੋਂ ਬਾਅਦ ਵੀ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ।
ਇਹ ਵੀ ਦੇਖੋ: ਕੈਪਟਨ ਦੇ ਸ਼ਹਿਰ ਪਟਿਆਲਾ ਜਾ ਕੇ ਨਵਜੋਤ ਸਿੰਘ ਸਿੱਧੂ ਨੇ ਦੇਖੋ ਕੀ ਕਰ ਦਿੱਤਾ ਐਲਾਨ…