Farmers rescued slogans against bjp leaders : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 131 ਵਾਂ ਦਿਨ ਹੈ। ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਵੀ ਕਾਨੂੰਨ ਰੱਦ ਕਰਨ ਦਾ ਕੋਈ ਸੰਕੇਤ ਨਹੀਂ ਹੈ। ਇਸ ਅੰਦੋਲਨ ਦੇ ਦੌਰਾਨ ਹੁਣ ਭਾਜਪਾ ਅਤੇ ਇਸ ਦੇ ਸਹਿਯੋਗੀਆਂ ਦਾ ਵਿਰੋਧ ਵੀ ਲਗਾਤਾਰ ਜਾਰੀ ਹੈ। ਲਗਾਤਾਰ ਭਾਜਪਾ ਅਤੇ ਉਸ ਦੇ ਸਹਿਯੋਗੀਆਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸੇ ਤਰਾਂ ਬੀਤੇ ਦਿਨ ਭਾਜਪਾ ਦੇ ਰਾਸ਼ਟਰੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਅਤੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।
ਦਰਅਸਲ ਵਾਲਮੀਕਿ ਆਸ਼ਰਮ ਰੋਪੜ ਵਿਖੇ ਭਾਜਪਾ ਵੱਲੋਂ ਯੁਵਾ ਮੋਰਚਾ ਰੋਪੜ ਮੰਡਲ ਦੇ ਪ੍ਰਧਾਨ ਦੀ ਨਿਯੁਕਤੀ ਕੀਤੀ ਗਈ ਸੀ। ਇਸ ਵਿੱਚ ਭਾਜਪਾ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਅਤੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਪਹੁੰਚੇ ਸਨ। ਭਾਜਪਾ ਨੇਤਾਵਾਂ ਦੇ ਇੱਥੇ ਪਹੁੰਚਣ ਤੋਂ ਕੁੱਝ ਮਿੰਟਾਂ ਬਾਅਦ ਹੀ ਕਿਸਾਨ ਯੂਨੀਅਨ ਅਤੇ ਕਾਮਰੇਡ ਉਨ੍ਹਾਂ ਨੂੰ ਘੇਰਨ ਲਈ ਕਾਲੇ ਝੰਡੇ ਲੈ ਕੇ ਨਵੇਂ ਪੁਲ ਨੇੜੇ ਸਰਹਿੰਦ ਨਹਿਰ ‘ਤੇ ਆ ਕੇ ਭਾਜਪਾ ਨੇਤਾਵਾਂ ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਮਾਹੌਲ ਤਣਾਅਪੂਰਨ ਹੁੰਦਾ ਵੇਖ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ।
ਸਮਾਗਮ ਦੀ ਸਮਾਪਤੀ ਤੋਂ ਬਾਅਦ ਜਦੋਂ ਭਾਜਪਾ ਦੇ ਆਗੂ ਗੱਡੀਆਂ ‘ਚ ਬੈਠ ਬਾਹਰ ਆਏ ਤਾਂ ਕਿਸਾਨਾਂ ਨੇ ਸੜਕ ਦੇ ਦੋਵੇਂ ਪਾਸੇ ਘੇਰਾ ਪਾ ਕੇ ਭਾਜਪਾ ਨੇਤਾਵਾਂ ਨੂੰ ਘੇਰ ਲਿਆ ਅਤੇ ਕਿਹਾ ਕਿ ਭਾਜਪਾ ਨੇਤਾਵਾਂ ਨੇ ਖੇਤੀ ਕਾਨੂੰਨਾਂ ਬਾਰੇ ਇੱਕ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ। ਭਾਜਪਾ ਆਗੂ ਜਾਣ ਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਕਿਸਾਨੀ ਲਹਿਰ ਕਾਰਨ ਪੰਜਾਬ ਵਿੱਚ ਆਪਸੀ ਭਾਈਚਾਰਾ ਮਜ਼ਬੂਤ ਹੋ ਰਿਹਾ ਹੈ, ਪਰ ਭਾਜਪਾ ਆਗੂ ਭਾਈਚਾਰੇ ਦੀ ਸਾਂਝ ਨੂੰ ਤੋੜਨਾ ਚਾਹੁੰਦੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਭਾਜਪਾ ਦੇ ਨੇਤਾਵਾਂ ਦਾ ਵਿਰੋਧ ਜਾਰੀ ਰਹੇਗਾ, ਜਿੱਥੇ ਵੀ ਭਾਜਪਾ ਆਗੂ ਕੋਈ ਮੀਟਿੰਗ ਜਾ ਰੈਲੀ ਕਰਨਗੇ ਉੱਥੇ ਹੀ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕਰ ਵਿਰੋਧ ਕੀਤਾ ਜਾਵੇਗਾ।
ਇਹ ਵੀ ਦੇਖੋ : ਰੂਪਨਗਰ ‘ਚ ਕਿਸਾਨਾਂ ਨੇ ਘੇਰਿਆ ਭਾਜਪਾ ਆਗੂ, ਇਕਬਾਲ ਸਿੰਘ ਲਾਲਪੁਰਾ ਦਾ ਹੋਇਆ ਵਿਰੋਧ