Peritoneal Cancer symptoms: ਭਾਰਤ ‘ਚ ਕੈਂਸਰ ਦੀ ਬਿਮਾਰੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਇਹ ਬਿਮਾਰੀ ਮਰਦਾਂ ਨਾਲੋਂ ਔਰਤਾਂ ‘ਚ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਅਤੇ ਨੈਸ਼ਨਲ ਸੈਂਟਰ ਫਾਰ ਡਿਸੀਜ਼ ਇਨਫਾਰਮੈਟਿਕਸ ਐਂਡ ਰਿਸਰਚ ਦੀ ਰਿਪੋਰਟ ਦੇ ਅਨੁਸਾਰ ਇਸ ਸਾਲ ਕੈਂਸਰ ਪ੍ਰਭਾਵਤ ਪੁਰਸ਼ਾਂ ਦੀ ਗਿਣਤੀ 6.8 ਲੱਖ ਜਦਕਿ ਔਰਤਾਂ ਦੀ ਗਿਣਤੀ 7.1 ਲੱਖ ਹੋਵੇਗੀ। 2025 ਤੱਕ ਮਰਦਾਂ ‘ਚ ਕੈਂਸਰ ਦੇ 7.6 ਲੱਖ ਅਤੇ ਔਰਤਾਂ ‘ਚ 8.1 ਲੱਖ ਕੇਸ ਹੋ ਸਕਦੇ ਹਨ। ਦੱਸ ਦੇਈਏ ਕਿ ਕੈਂਸਰ ਦੀਆਂ 100 ਕਿਸਮਾਂ ਹਨ ਜਿਨ੍ਹਾਂ ‘ਚੋਂ ਬ੍ਰੈਸਟ ਕੈਂਸਰ, ਸਰਵਾਈਕਲ ਕੈਂਸਰ, ਓਵੇਰੀਅਨ ਕੈਂਸਰ, ਓਰਲ ਕੈਂਸਰ, ਕੋਲੋਰੇਕਟਰ ਕੈਂਸਰ ਦੇ ਕੇਸ ਆਮ ਤੌਰ ‘ਤੇ ਦੇਖਣ ਨੂੰ ਮਿਲਦੇ ਹਨ। ਇਨ੍ਹਾਂ ‘ਚੋਂ ਹੀ ਇਕ ਹੈ ਪੈਰੀਟੋਨਿਅਲ ਕੈਂਸਰ (Peritoneal Cancer) ਹੈ। Peritoneal Cancer ਹੋਰ ਕੈਂਸਰਾਂ ਦੇ ਮੁਕਾਬਲੇ ਬਹੁਤ ਹੀ ਦੁਰਲੱਭ ਹੈ। ਆਓ ਜਾਣਦੇ ਹਾਂ ਇਸ ਨਾਲ ਜੁੜੀ ਮਹੱਤਵਪੂਰਣ ਜਾਣਕਾਰੀ…
ਜਾਣੋ ਕੀ ਹੈ ਪੈਰੀਟੋਨਿਅਲ ਕੈਂਸਰ: ਦੂਜੇ ਕੈਂਸਰਾਂ ਦੇ ਮੁਕਾਬਲੇ ਪੈਰੀਟੋਨਿਅਲ ਕੈਂਸਰ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਇਹ ਐਪੀਥੈਲੀਅਲ ਸੈੱਲਾਂ ਦੀ ਪਰਤ ‘ਤੇ ਡਿਵੈਲਪ ਹੁੰਦਾ ਹੈ ਜੋ ਪੇਟ ਦੀ ਅੰਦਰੂਨੀ ਕੰਧ ਨੂੰ ਢੱਕਣ ਵਾਲੀ ਇੱਕ ਪਤਲੀ ਪਰਤ ਹੈ। ਇਨ੍ਹਾਂ ਲਾਈਨਿੰਗਜ਼ ਨੂੰ ‘ਪੈਰੀਟੋਨਿਅਮ’ ਕਿਹਾ ਜਾਂਦਾ ਹੈ। ਇਸੇ ਕਰਕੇ ਇਸ ਕੈਂਸਰ ਨੂੰ ਪੈਰੀਟੋਨਿਅਲ ਕੈਂਸਰ ਕਿਹਾ ਜਾਂਦਾ ਹੈ। ਇਹ ਲਾਈਨਿੰਗਜ਼ ਪੇਟ ਦੇ ਅੰਗਾਂ ਜਿਵੇਂ ਕਿ ਛੋਟੀ ਅੰਤੜੀ, ਯੂਰੀਨਰੀ ਬਲੈਡਰ, ਯੂਟਰਸ ਦੀ ਰੱਖਿਆ ਕਰਦੀਆਂ ਹਨ। ਪੈਰੀਟੋਨਿਅਮ ਲਾਈਨਿੰਗ ਇਕ ਲੁਬਰੀਕੇਟਿੰਗ ਤਰਲ ਜਾਰੀ ਕਰਦੀ ਹੈ ਜੋ ਪੇਟ ਦੇ ਅੰਦਰ ਅੰਗਾਂ ਦੀ ਮੂਵਮੈਂਟ ‘ਚ ਸਹਾਇਤਾ ਕਰਦਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਕੈਂਸਰ ਦਾ ਪਤਾ ਉਦੋਂ ਹੀ ਲਗਾਇਆ ਜਾਂਦਾ ਹੈ ਜਦੋਂ ਮਰੀਜ਼ ਦੀ ਸਥਿਤੀ ਨਾਜ਼ੁਕ ਹੋ ਜਾਂਦੀ ਹੈ ਅਤੇ ਮਰੀਜ਼ ਪੈਰੀਟੋਨਿਅਲ ਕੈਂਸਰ ਦੇ ਆਖਰੀ ਪੜਾਅ ‘ਚ ਹੁੰਦਾ ਹੈ।
ਪੈਰੀਟੋਨਿਅਲ ਕੈਂਸਰ ਦੇ ਲੱਛਣ: ਪੈਰੀਟੋਨਿਅਲ ਕੈਂਸਰ ਦੇ ਪਹਿਲੇ ਪੜਾਅ ‘ਚ ਕੋਈ ਲੱਛਣ ਸਾਹਮਣੇ ਨਹੀਂ ਆਉਂਦਾ। ਇਸ ਬਿਮਾਰੀ ਦੇ ਲੱਛਣ ਉਦੋਂ ਦਿਖਾਈ ਦਿੰਦੇ ਹਨ ਜਦੋਂ ਮਰੀਜ਼ ਇਸ ਕੈਂਸਰ ਦੇ ਆਖਰੀ ਪੜਾਅ ‘ਚ ਹੁੰਦਾ ਹੈ।
- ਪੇਟ ‘ਚ ਲਗਾਤਾਰ ਦਰਦ ਰਹਿੰਦਾ
- ਪੇਟ ‘ਚ ਖ਼ੂਨ ਵਹਿਣਾ (Abdominal bleeding)
- ਪੇਡੂ ‘ਚ ਦਬਾਅ ਮਹਿਸੂਸ ਹੋਣਾ
- ਜ਼ਿਆਦਾ ਖਾਧੇ ਬਿਨਾਂ ਪੇਟ ਭਰਿਆ ਰਹਿਣਾ
- ਭਾਰ ‘ਚ ਬਦਲਾਅ ਹੋਣਾ
- ਯੂਰਿਨ ‘ਚ ਬਦਲਾਅ
- ਮਿਲ ਤਿਆਗ ‘ਚ ਬਦਲਾਅ
- ਵੈਜਾਇਨਲ ਡਿਸਚਾਰਜ
- ਖੱਟੇ ਡਕਾਰ
ਪੈਰੀਟੋਨਿਅਲ ਕੈਂਸਰ ਦੇ ਕੀ ਹਨ ਕਾਰਕ: ਪੁਰਸ਼ਾਂ ਦੇ ਮੁਕਾਬਲੇ ਇਹ ਕੈਂਸਰ ਜ਼ਿਆਦਾਤਰ ਔਰਤਾਂ ‘ਚ ਦੇਖਣ ਨੂੰ ਮਿਲਦਾ ਹੈ। ਇਸ ਕੈਂਸਰ ਦਾ ਖ਼ਤਰਾ ਉਮਰ ਦੇ ਨਾਲ ਵੱਧਦਾ ਜਾਂਦਾ ਹੈ। ਆਓ ਜਾਣਦੇ ਹਾਂ ਇਸਦੇ ਕਾਰਕਾਂ ਬਾਰੇ
- ਅਕਸਰ ਇਹ ਕੈਂਸਰ ਮਿਡਲ ਉਮਰ ਅਤੇ ਓਲਡ ਏਜ ‘ਚ ਪਾਇਆ ਜਾਂਦਾ ਹੈ।
- ਪੁਰਾਣੇ ਜੀਨਸ ਕਾਰਨ ਵੀ ਇਹ ਕੈਂਸਰ ਹੋਣ ਦੀ ਵੀ ਸੰਭਾਵਨਾ ਹੈ। ਜੇ ਤੁਹਾਡੇ ਪਰਿਵਾਰ ‘ਚ ਪੈਰੀਟੋਨਿਅਲ ਜਾਂ ਓਵੇਰੀਅਨ ਕੈਂਸਰ ਦਾ ਕੋਈ ਮਰੀਜ਼ ਹੈ ਤਾਂ ਵੀ ਇਹ ਕੈਂਸਰ ਦੁਬਾਰਾ ਪਰਿਵਾਰ ‘ਚੋਂ ਕਿਸੀ ਨੂੰ ਵੀ ਹੋਣ ਦੀ ਸੰਭਾਵਨਾ ਰਹਿੰਦੀ ਹੈ।
- ਤੰਦਰੁਸਤ ਅਤੇ ਲੰਬੇ ਲੋਕਾਂ ਨੂੰ ਵੀ ਪੈਰੀਟੋਨਿਅਲ ਕੈਂਸਰ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।
ਪੈਰੀਟੋਨਿਅਲ ਕੈਂਸਰ ਦਾ ਇਲਾਜ: ਹੋਰ ਕੈਂਸਰਾਂ ਦੇ ਮੁਕਾਬਲੇ ਇਹ ਕੈਂਸਰ ਬਹੁਤ ਘੱਟ ਹੁੰਦਾ ਹੈ ਇਸ ਲਈ ਪਹਿਲੇ ਪੜਾਅ ‘ਚ ਇਸਦਾ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ। ਇਸ ‘ਚ ਵਿਅਕਤੀ ਦੇ ਬਚਣ ਦੀ ਸੰਭਾਵਨਾ ਘੱਟ ਹੀ ਵੇਖੀ ਜਾਂਦੀ ਹੈ। ਸਮੇਂ ਸਿਰ ਇਸ ਬਿਮਾਰੀ ਨੂੰ ਫੜ ਕੇ ਹੀ ਇਸ ਕੈਂਸਰ ਤੋਂ ਬਚਿਆ ਜਾ ਸਕਦਾ ਹੈ। ਇਸ ਦੇ ਲਈ ਲੋਕਾਂ ਨੂੰ ਸਮੇਂ-ਸਮੇਂ ਤੇ ਆਪਣਾ ਨਿਯਮਤ ਚੈਕਅਪ ਕਰਵਾਉਣਾ ਚਾਹੀਦਾ ਹੈ।