SEBI imposes fine: ਨਵੀਂ ਦਿੱਲੀ: ਸਿਕਿਓਰਿਟੀਜ਼ ਐਂਡ ਰੈਗੂਲੇਟਰੀ ਬੋਰਡ ਆਫ ਇੰਡੀਆ (SEBI) ਨੇ ਬੁੱਧਵਾਰ ਨੂੰ ਅੰਬਾਨੀ ਭਰਾਵਾਂ ਮੁਕੇਸ਼ ਅੰਬਾਨੀ, ਅਨਿਲ ਅੰਬਾਨੀ ਅਤੇ ਹੋਰਾਂ ‘ਤੇ 25 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ । ਸੇਬੀ ਨੇ ਇਹ ਜੁਰਮਾਨਾ ਸਾਲ 2000 ਵਿੱਚ ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੇ ਰਲੇਵੇਂ ਦਰਮਿਆਨ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਮਾਮਲੇ ਵਿੱਚ ਲਗਾਇਆ ਹੈ।
ਦਰਅਸਲ, ਮੁਕੇਸ਼ ਅਤੇ ਅਨਿਲ ਤੋਂ ਇਲਾਵਾ ਇਹ ਜੁਰਮਾਨਾ ਨੀਤਾ ਅੰਬਾਨੀ, ਟੀਨਾ ਅੰਬਾਨੀ, ਕੇਡੀ ਅੰਬਾਨੀ ਅਤੇ ਪਰਿਵਾਰ ਦੇ ਹੋਰਾਂ ਮੈਂਬਰਾਂ ‘ਤੇ ਵੀ ਲਗਾਇਆ ਗਿਆ ਹੈ। SEBI ਨੇ ਆਪਣੇ 85 ਪੰਨਿਆਂ ਦੇ ਆਦੇਸ਼ ਵਿੱਚ ਕਿਹਾ ਕਿ RIL ਦੇ ਪ੍ਰਮੋਟਰਾਂ ਅਤੇ ਇਸ ਮਾਮਲੇ ਵਿੱਚ ਸ਼ਾਮਿਲ ਤੇ ਹੋਰ ਸਬੰਧਿਤ ਲੋਕਾਂ ਨੇ ਸਾਲ 2000 ਵਿੱਚ ਕੰਪਨੀ ਦੀ 5 ਪ੍ਰਤੀਸ਼ਤ ਤੋਂ ਵੱਧ ਦੀ ਹਿੱਸੇਦਾਰੀ ਹਾਸਿਲ ਕਰਨ ਦੀ ਗੱਲ ਸਹੀ ਢੰਗ ਨਾਲ ਨਹੀਂ ਦੱਸੀ।
ਦੱਸ ਦੇਈਏ ਕਿ ਨਿਯਮਾਂ ਦੇ ਅਨੁਸਾਰ ਜੇ ਪ੍ਰਮੋਟਰ ਵਿੱਤੀ ਸਾਲ ਵਿੱਚ ਇੱਕ ਕੰਪਨੀ ਵਿੱਚ ਪੰਜ ਪ੍ਰਤੀਸ਼ਤ ਤੋਂ ਜ਼ਿਆਦਾ ਹਿੱਸੇਦਾਰੀ ਵਧਾਉਂਦਾ ਹੈ ਤਾਂ ਉਸਨੂੰ ਘੱਟਗਿਣਤੀ ਹਿੱਸੇਦਾਰਾਂ ਲਈ ਇੱਕ ਓਪਨ ਆਫ਼ਰ ਲਿਆਉਣਾ ਹੁੰਦਾ ਹੈ, ਜੋ ਰਿਲਾਇੰਸ ਨੇ ਨਹੀਂ ਲਿਆਂਦਾ ਸੀ । SEBI ਦੇ ਆਦੇਸ਼ਾਂ ਅਨੁਸਾਰ RIL ਦੇ ਪ੍ਰਮੋਟਰਾਂ ਨੇ ਸਾਲ 2000 ਵਿੱਚ ਤਿੰਨ ਕਰੋੜ ਵਾਰੰਟ ਜ਼ਰੀਏ 6.83 ਪ੍ਰਤੀਸ਼ਤ ਹਿੱਸੇਦਾਰੀ ਹਾਸਿਲ ਕੀਤੀ ਸੀ । ਇਹ ਵਾਰੰਟ 1994 ਵਿਚ ਜਾਰੀ ਕੀਤੇ ਗਏ ਸਨ।