PGI administration responded : ਕੋਰੋਨਾ ਦੇ ਵੱਧ ਰਹੇ ਮਾਮਲਿਆਂ ਵਿਚ ਪੂਰੇ ਪੰਜਾਬ ਵਿਚ ਰਾਤ ਦਾ ਕਰਫਿਊ ਲਗਾਇਆ ਗਿਆ ਹੈ। ਬੁੱਧਵਾਰ ਨੂੰ ਇਹ ਫੈਸਲਾ ਲੈਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਚੰਡੀਗੜ੍ਹ ਪੀਜੀਆਈ ਪੰਜਾਬ ਤੋਂ ਮਰੀਜ਼ਾਂ ਦੀ ਭਰਤੀ ਨਹੀਂ ਕਰ ਰਹੀ ਹੈ। ਹੁਣ ਪੀਜੀਆਈ ਨੇ ਇਸ ਦਾ ਜਵਾਬ ਦਿੱਤਾ ਹੈ। ਪੀਜੀਆਈ ਪ੍ਰਸ਼ਾਸਨ ਨੇ ਪੰਜਾਬ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਪੀਜੀਆਈ ਪ੍ਰਸ਼ਾਸਨ ਦੇ ਅਨੁਸਾਰ ਇਸ ਸਮੇਂ ਪੀਜੀਆਈ ਵਿੱਚ ਕੋਵਿਡ -19 ਦੇ 166 ਗੰਭੀਰ ਮਰੀਜ਼ ਦਾਖਲ ਹਨ। ਇਸ ਵਿਚੋਂ 80 ਮਰੀਜ਼ ਪੰਜਾਬ ਦੇ ਹਨ।
ਪੀਜੀਆਈ ਦੇ ਬੁਲਾਰੇ ਅਨੁਸਾਰ ਕੋਵਿਡ -19 ਹਸਪਤਾਲ ਦਾ ਆਈਸੀਯੂ ਭਰਿਆ ਹੋਇਆ ਹੈ। ਇਸ ਵਿਚ ਵੀ 50 ਪ੍ਰਤੀਸ਼ਤ ਮਰੀਜ਼ ਪੰਜਾਬ ਦੇ ਹਨ। ਉਨ੍ਹਾਂ ਕਿਹਾ ਕਿ ਜਦੋਂ 2020 ਵਿਚ ਕੋਰੋਨਾ ਆਪਣੇ ਸਿਖਰ ’ਤੇ ਸੀ, ਉਦੋਂ ਵੀ ਪੰਜਾਬ ਦੇ 39.9 ਫ਼ੀਸਦੀ ਮਰੀਜ਼ ਦਾਖਲ ਹੋਏ ਸਨ। ਇੱਕ ਸਾਲ ਦੇ ਦੌਰਾਨ ਪੰਜਾਬ ਦੇ ਮੁਕਾਬਲੇ ਚੰਡੀਗੜ੍ਹ ਦੇ ਬਹੁਤ ਘੱਟ ਮਰੀਜ਼ ਇਥੇ ਦਾਖਲ ਹੋਏ ਹਨ। ਪੰਜਾਬ ਤੋਂ ਇਲਾਵਾ, ਹਰਿਆਣਾ ਦੇ ਵੀ 21.4 ਫੀਸਦੀ ਮਰੀਜ਼ ਸਨ। ਚੰਡੀਗੜ੍ਹ ਦਾ ਇਹ ਅੰਕੜਾ ਸਿਰਫ 15 ਪ੍ਰਤੀਸ਼ਤ ਸੀ। ਕੋਵਿਡ ਹਸਪਤਾਲ ਵਿਚ ਪੰਜਾਬ ਤੋਂ 24 ਹਜ਼ਾਰ 762, ਹਰਿਆਣਾ ਦੇ 13 ਹਜ਼ਾਰ 286 ਅਤੇ ਚੰਡੀਗੜ੍ਹ ਦੇ ਪੰਜ ਹਜ਼ਾਰ 344 ਮਰੀਜ਼ਾਂ ਦਾ ਦਾਖਲ ਕਰਕੇ ਇਲਾਜ ਕੀਤਾ ਗਿਆ ਹੈ। ਪੀਜੀਆਈ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਕੋਵਿਡ ਦੇ ਮਰੀਜ਼ਾਂ ਬਾਰੇ ਪੰਜਾਬ ਵੱਲੋਂ ਲਾਏ ਦੋਸ਼ ਬਿਲਕੁਲ ਝੂਠੇ ਹਨ। ਪੀਜੀਆਈ ਵਿਚ ਦਾਖਲ ਮਰੀਜ਼ਾਂ ਦੇ ਅੰਕੜਿਆਂ ਦੁਆਰਾ ਇਸ ਦੀ ਪੁਸ਼ਟੀ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਵੀਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਦੱਸਿਆ ਗਿਆ ਸੀ ਕਿ ਪੀਜੀਆਈ ਚੰਡੀਗੜ੍ਹ ਢੁਕਵੇਂ ਚੈਨਲਾਂ ਰਾਹੀਂ ਭੇਜਣ ਦੇ ਬਾਵਜੂਦ ਪੰਜਾਬ ਤੋਂ ਮਰੀਜ਼ਾਂ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਵੀਰਵਾਰ ਨੂੰ ਇੱਕ ਵੀਡੀਓ ਕਾਨਫਰੰਸਿੰਗ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਕੋਲ ਇਹ ਮਾਮਲਾ ਉਠਾਉਣਗੇ ਅਤੇ ਉਨ੍ਹਾਂ ਨੂੰ ਅਪੀਲ ਕਰਨਗੇ ਕਿ ਉਹ ਹਸਪਤਾਲ ਨੂੰ ਰਾਜ ਸਰਕਾਰ ਵੱਲੋਂ ਰੈਫਰ ਕੀਤੇ ਮਰੀਜ਼ਾਂ ਲਈ ਘੱਟੋ-ਘੱਟ 50 ਆਈਸੀਯੂ ਬੈੱਡ ਰਾਖਵੇਂ ਕਰਨ ਲਈ ਨਿਰਦੇਸ਼ ਦੇਣ।