Ban on Pakistani pilgrims : ਲਾਹੌਰ : ਵਿਸਾਖੀ ਦੇ ਮੌਕੇ ‘ਤੇ ਭਾਰਤ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਆ ਰਿਹਾ ਹੈ, ਜਿਸ ਦੀ ਸੁਰੱਖਿਆ ਨੂੰ ਧਿਆਨ ਵਿੱਚ ਰਖਦੇ ਹੋਏ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਿਦਾਇਤਾਂ ਦਿੱਤੀਆਂ ਗਈਆਂ ਹਨ, ਜਿਸ ਮੁਤਾਬਕ ਗੁਰਦੁਆਰਾ ਪੰਜਾ ਸਾਹਿਬ ਵਿੱਚ ਪਾਕਿਸਤਾਨੀ ਸ਼ਰਧਾਲੂਆਂ ਦੇ ਆਉਣ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਉਨ੍ਹਾਂ ਪਾਕਿਸਤਾਨ ਦੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਵਿਸਾਖੀ ਮੌਕੇ ਉਹ ਗੁਰਦੁਆਰਾ ਸਾਹਿਬ ਵਿੱਚ ਨਾ ਆਉਣ ਅਤੇ ਘਰ ਵਿੱਚ ਰਹਿ ਕੇ ਹੀ ਅਰਦਾਸ ਕਰਨ।
ਪੀਐਸਜੀਪੀਸੀ ਦੇ ਪ੍ਰਧਾਨ ਸਤਵੰਤ ਸਿੰਘ ਵੱਲੋਂ ਜਾਰੀ ਇਕ ਹਦਾਇਤ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਕਰਕੇ ਚੱਲ ਰਹੇ ਹਾਲਾਤਾਂ ਕਾਰਨ ਪਾਕਿਸਤਾਨ ਦੇ ਹਿੰਦੂ, ਸਿੱਖ, ਮੁਸਲਿਮ ਤੇ ਮਸੀਹ ਸਾਰੇ ਵਰਗਾਂ ਦੇ ਪੰਜਾ ਸਾਹਿਬ ਵਿੱਚ ਆਉਣ ’ਤੇ ਪਾਬੰਦੀ ਲਗਾਈ ਗਈ ਹੈ। ਤਾਂ ਜੋ ਭਾਰਤ ਤੋਂ ਆ ਰਹੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸਿੱਖ ਸ਼ਰਧਾਲੂ ਭਾਰਤ ਤੋਂ ਗੁਰੂਧਾਮਾਂ ਦੇ ਦਰਸ਼ਨਾਂ ਲਈ ਆ ਰਹੇ ਹਨ ਅਤੇ ਪਾਕਿਸਤਾਨ ਵਿੱਚ ਰਹਿ ਰਹੇ ਸ਼ਰਧਾਲੂ ਤਾਂ ਕਿਸੇ ਵੇਲੇ ਵੀ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਕਰ ਸਕਦੇ ਹਨ ਇਸ ਲਈ ਪਾਕਿਸਤਾਨੀ ਸ਼ਰਧਾਲੂ ਘਰ ਬੈਠ ਕੇ ਅਰਦਾਸ ਕਰਨ ਤੇ ਭਾਰਤ ਤੋਂ ਆ ਰਹੇ ਸਿੱਖ ਜਥੇ ਨੂੰ ਗੁਰੂਘਰ ਦੇ ਦਰਸ਼ਨਾਂ ਦਾ ਮੌਕਾ ਦੇਣ।
ਦੱਸਣਯੋਗ ਹੈ ਕਿ 12 ਅਪ੍ਰੈਲ ਨੂੰ 1100 ਸ਼ਰਧਾਲੂਆਂ ਦਾ ਜੱਥਾ ਵਾਹਗਾ ਬਾਰਡਰ ਦੇ ਰਸਤੇ ਪੈਦਲ ਪਾਕਿਸਤਾਨ ਵਿਚ ਦਾਖਲ ਹੋਵੇਗਾ ਅਤੇ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਲਈ ਰਵਾਨਾ ਹੋਵੇਗਾ। ਇਹ ਜੱਥਾ 13 ਅਪ੍ਰੈਲ ਨੂੰ ਗੁਰੂਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਰੁਕੇਗਾ ਅਤੇ ਉੱਥੋਂ ਵਲੀ ਕੰਧਾਰੀ ਗੁਫਾ ਜਾਏਗਾ। ਵਿਸਾਖੀ ਦੇ ਤਿਉਹਾਰ ਦਾ ਮੁੱਖ ਸਮਾਗਮ 14 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ਵਿਖੇ ਹੋਵੇਗਾ ਅਤੇ ਉਸ ਤੋਂ ਬਾਅਦ ਸਿੱਖ ਜਥਾ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ। 15 ਅਪ੍ਰੈਲ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਸਥਾਨਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੋਂ ਬਾਅਦ, ਗੁਰਦੁਆਰਾ ਸ੍ਰੀ ਸੱਚਾ ਸੌਦਾ (ਫਰੂਖਾਬਾਦ, ਪਾਕਿਸਤਾਨ) ਦਾ ਦੌਰਾ ਕਰਨ ਤੋਂ ਬਾਅਦ, 16 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਾਪਸ ਪਰਤੇਗਾ। 17 ਅਪ੍ਰੈਲ ਨੂੰ ਇਹ ਜੱਥਾ ਸ੍ਰੀ ਨਨਕਾਣਾ ਸਾਹਿਬ ਤੋਂ ਲਾਹੌਰ ਦੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਤਕ ਸੜਕ ਰਾਹੀਂ ਜਾਵੇਗਾ। ਇਥੇ 18 ਅਪ੍ਰੈਲ ਤੱਕ ਠਹਿਰਨ ਤੋਂ ਬਾਅਦ ਗੁਰੂਦੁਆਰਾ ਸ੍ਰੀ ਦਰਬਾਰ ਸਾਹਿਬ 19 ਅਪ੍ਰੈਲ ਨੂੰ ਕਰਤਾਰਪੁਰ ਪਹੁੰਚਣਗੇ ਅਤੇ ਉਥੇ ਰਾਤ ਨੂੰ ਅਰਾਮ ਕਰਨਗੇ। ਇਹ ਜਥਾ 20 ਅਪ੍ਰੈਲ ਨੂੰ ਸ੍ਰੀ ਗੁਰੂਦੁਆਰਾ ਰੋੜੀ ਸਾਹਿਬ (ਏਮਨਾਬਾਦ) ਦੇ ਦਰਸ਼ਨ ਕਰਨ ਤੋਂ ਬਾਅਦ ਲਾਹੌਰ ਪਰਤੇਗਾ, ਜਿਥੇ 22 ਅਪ੍ਰੈਲ ਨੂੰ ਸ੍ਰੀ ਗੁਰੂ ਡੇਰਾ ਸਾਹਿਬ ਵਿਖੇ ਠਹਿਰਨ ਤੋਂ ਬਾਅਦ 22 ਅਪ੍ਰੈਲ ਨੂੰ ਵਾਹਗਾ ਸਰਹੱਦ ਰਾਹੀਂ ਭਾਰਤ ਵਾਪਸ ਪਰਤੇਗਾ।