Corona Cases 438 found : ਲੁਧਿਆਣਾ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਅੱਜ ਜ਼ਿਲ੍ਹੇ ਵਿੱਚ ਕੋਰੋਨਾ ਦੇ ਵੱਡੀ ਗਿਣਤੀ ਵਿੱਚ ਮਾਮਲੇ ਸਾਹਮਣੇ ਆਏ ਹਨ, ਜਿਥੇ 438 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ। ਇਨ੍ਹਾਂ ਵਿੱਚੋਂ 87 ਸੈਂਪਲਾਂ ਦੀ ਰਿਪੋਰਟ ਬਾਹਰਲੇ ਜ਼ਿਲ੍ਹੇ ਤੇ ਸੂਬਿਆਂ ਨਾਲ ਸੰਬੰਧਤ ਹਨ। ਉਥੇ ਹੀ ਅੱਜ ਇਸ ਮਹਾਮਾਰੀ ਨਾਲ ਲੁਧਿਆਣਾ ਵਿੱਚ ਪੰਜ ਮਰੀਜ਼ਾਂ ਦੀ ਮੌਤ ਹੋਈ, ਜਿਨ੍ਹਾਂ ਵਿੱਚੋਂ ਇੱਕ ਮਰੀਜ਼ ਫਤਿਹਗੜ੍ਹ ਸਾਹਿਬ ਨਾਲ ਸੰਬੰਧਤ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਲੁਧਿਆਣਾ ਨੇ ਦੱਸਿਆ ਕਿ ਅੱਜ ਕੋਰੋਨਾ ਨਾਲ ਮਰਨ ਰਾਜਗੜ੍ਹ ਦੇ ਰਹਿਣ ਵਾਲੀ 60 ਸਾਲਾ ਔਰਤ, ਬਸੰਤ ਐਵੇਨਿਊ ਦੇ 41 ਸਾਲਾ ਔਰਤ ਤੇ ਫਤਿਹਗੜ੍ਹ ਮੁਹੱਲਾ ਦੀ 58 ਸਾਲਾ ਔਰਤ ਨੇ ਡੀਐਮਸੀ ਹਸਪਤਾਲ ਵਿੱਚ ਦਮ ਤੋੜਿਆ, ਜਦਕਿ ਜੱਸੋਵਾਲ ਦੇ ਰਹਿਣ ਵਾਲੇ 61 ਸਾਲਾ ਵਿਅਕਤੀ ਦੀ ਜੀਟੀਬੀ ਹਸਪਤਾਲ ਵਿੱਚ ਮੌਤ ਹੋਈ।
ਅੱਜ ਦੇ ਮਾਮਲੇ ਮਿਲਾ ਕੇ ਜ਼ਿਲ੍ਹੇ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 38052 ਹੋ ਗਈ ਹੈ, ਜਿਨ੍ਹਾਂ ਵਿੱਚੋਂ 5999 ਮਾਮਲੇ ਬਾਹਰਲੇ ਜ਼ਿਲ੍ਹਿਆਂ ਤੇ ਸੂਬਿਆਂ ਨਾਲ ਸੰਬੰਧਤ ਹਨ। ਉਥੇ ਹੀ ਹੁਣ ਤੱਕ ਜ਼ਿਲ੍ਹੇ ਵਿੱਚ ਹੁਣ ਤੱਕ 1194 ਲੋਕ ਜਾਨਾਂ ਗੁਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 616 ਲੋਕ ਬਾਹਰਲੇ ਜ਼ਿਲ੍ਹਿਆਂ ਜਾਂ ਸੂਬਿਆਂ ਤੋਂ ਸਨ। ਹੁਣ ਤੱਕ ਸਬ-ਡਵੀਜ਼ਨ ਜਗਰਾਓਂ ਤੋਂ 1041, ਰਾਏਕੋਟ ਤੋਂ 639, ਖੰਨਾ ਤੋਂ 905, ਸਮਰਾਲਾ ਤੋਂ 568, ਪਾਇਲ ਤੋਂ 397 ਤੇ ਲੁਧਿਆਣਾ ਸ਼ਹਿਰ ਤੋਂ 34502 ਮਾਮਲੇ ਸਾਹਮਣੇ ਆ ਚੁੱਕੇ ਹਨ। ਕੋਰੋਨਾ ਦੇ ਮਾਮਲੇ ਜ਼ਿਲ੍ਹੇ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ, ਇਸ ਦੇ ਚੱਲਦਿਆਂ ਸਿਵਲ ਸਰਜਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਦੇ ਭਲੇ ਲਈ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰਨ ਤੇ ਸਿਹਤ ਵਿਭਾਗ ਦਾ ਸਹਿਯੋਗ ਕਰਨ।