Sukhbir Badal targets CM : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ’ਤੇ ਤਿੱਖੇ ਨਿਸ਼ਾਨੇ ਵਿੰਨ੍ਹਦਿਆਂ ਹੋਇਆਂ ਕਿਹਾ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਗੋਦੀ ਵਿੱਚ ਬੈਠ ਚੁੱਕੇ ਹਨ ਜਦਕਿ ਸੀਐਮ ਦਾ ਫਰਜ਼ ਆਪਣੇ ਸੂਬੇ ਲਈ ਲੜਾਈ ਲੜਨਾ ਹੁੰਦਾ ਹੈ ਪਰ ਇਥੇ ਕੇਂਦਰ ਵੱਲੋਂ ਕੀਤੇ ਜਾ ਰਹੇ ਸਿਸਟਮ ਖਿਲਾਫ ਕੈਪਟਨ ਬੋਲੇ ਹੀ ਨਹੀਂ। ਮੁੱਖ ਮੰਤਰੀ ਜੇਕਰ ਐਕਟ ਬਣਦੇ ਹੱਲਾ ਕਰਦੇ ਤਾਂ ਇਹ ਕਿਸਾਨ ਅੰਦੋਲਨ ਸ਼ਰੂ ਹੀ ਨਹੀਂ ਹੋਣਾ ਸੀ। ਉਨ੍ਹਾਂ ਕਿਹਾ ਕਿ ਕੈਪਟਨ ਇਸ ਲਈ ਨਹੀਂ ਬੋਲੇ ਕਿਉਂਕਿ ਉਨ੍ਹਾਂ ਦੀ ਕਾਂਗਰਸ ਦੇ ਰਾਹੁਲ ਗਾਂਧੀ ਦੇ ਮੈਨੀਫੇਸਟੋ ਵਿੱਚ ਇਹ ਗੱਲ ਸੀ। ਵਿਧਾਨ ਸਭਾ ਵਿੱਚ ਇਸ ਐਕਟ ਨੂੰ ਰੱਦ ਕਰਨਾ ਸੀ ਪਰ ਉਸ ਨੂੰ ਨਹੀਂ ਕੀਤਾ ਗਿਆ, ਸਗੋਂ ਜਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ਉਹ ਵੀ ਭਾਜਪਾ ਦਾ ਸਾਥ ਦੇਣ ਵਾਲੀਆਂ ਹਨ।
ਕੇਂਦਰ ਦੇ ਫਸਲਾਂ ਦੀ ਸਿੱਧੀ ਅਦਾਇਗੀ ਦੇ ਫੈਸਲੇ ਨੇ ਕਿਸਾਨਾਂ ਤੇ ਆੜ੍ਹਤੀਆਂ ਲਈ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ। ਇਹ ਗੱਲ ਕਾਫ਼ੀ ਸਮੇਂ ਤੋਂ ਚਲ ਰਹੀ ਸੀ ਕਿ ਅਸੀਂ ਕਿਸਾਨ ਆੜ੍ਹਤੀਆਂ ਨੂੰ ਮਨਾ ਲਵਾਂਗੇ। ਮੀਟਿੰਗ ਤੋਂ ਬਾਅਦ ਵੀ ਮੰਤਰੀ ਕਹਿ ਰਹੇ ਹਨ ਕਿ ਅਸੀਂ ਕਿਸਾਨਾਂ ਤੇ ਆੜ੍ਹਤੀਆਂ ਨੂੰ ਮਨਾਵਾਂਗੇ। RDF ਤਿੰਨ ਫੀਸਦੀ ਤੋਂ ਇੱਕ ਫੀਸਦੀ ਹੋਇਆ ਤਾਂ ਵੀ ਨਹੀਂ ਬੋਲੇ ਅਤੇ ਨਾ ਹੀ ਰੋਸ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਹੁਣ ਤਾਂ ਲੱਗਦਾ ਹੈ ਕਿ ਕਾਂਗਰਸ ਭਾਜਪਾ ਦੀ ਸਰਕਾਰ ਬਣ ਚੁੱਕੀ ਹੈ ਜਿਸ ਵਿੱਚ ਕੈਪਟਨ ਕੇਂਦਰ ਤੋਂ ਡਰ ਗਏ ਹਨ। ਪ੍ਰਕਾਸ਼ ਸਿੰਘ ਬਾਦਲ ਪੰਜਾਬ ਲਈ ਲੜਦੇ ਸਨ ਪਰ ਕੈਪਟਨ ਕੁਝ ਨਹੀਂ ਬੋਲਦੇ।
ਹਾਈਕੋਰਟ ਵੱਲੋਂ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਰੱਦ ਕਰਨ ’ਤੇ ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਨੇ ਸਿਰਫ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਚਾਰ ਸਾਲ ਬਰਬਾਦ ਕਰ ਦਿੱਤੇ, ਜਿਸ ਵਿੱਚ ਉਨ੍ਹਾਂ ਦਾ ਉਦੇਸ਼ ਕੁੰਵਰ ਵਿਜੇ ਪ੍ਰਤਾਪ ਵਾਲੀ ਐਸਆਈਟ ਰਾਹੀਂ ਦੋਸ਼ੀ ਨੂੰ ਫੜਨਾ ਨਹੀਂ ਸਗੋਂ ਅਕਾਲੀ ਦਲ ਨੂੰ ਬਦਨਾਮ ਕਰਨਾ ਸੀ। ਉਨ੍ਹਾਂ ਦਾ ਮਕਸਦ ਦੋਸ਼ੀ ਨੂੰ ਫੜਨਾ ਨਹੀਂ ਸਗੋਂ ਸਿਆਸੀ ਬਦਲਾ ਲੈਣਾ ਸੀ।