Yogi govt major decision: ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ । ਇਸ ਦੌਰਾਨ ਰਾਜ ਸਰਕਾਰ ਨੇ ਧਾਰਮਿਕ ਸਥਾਨਾਂ ‘ਤੇ ਲੋਕਾਂ ਨੂੰ ਸੀਮਤ ਗਿਣਤੀ ਵਿੱਚ ਦਾਖਲੇ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇੱਕ ਸਮੇਂ ਕਿਸੇ ਵੀ ਧਾਰਮਿਕ ਸਥਾਨ ‘ਤੇ ਪੰਜ ਤੋਂ ਵੱਧ ਲੋਕਾਂ ਦੇ ਦਾਖਲੇ ‘ਤੇ ਪਾਬੰਦੀ ਲਗਾਈ ਹੈ। ਸਰਕਾਰ ਨੇ ਧਾਰਮਿਕ ਥਾਵਾਂ ‘ਤੇ ਇੱਕ ਵਾਰ ਵਿੱਚ ਪੰਜ ਹੀ ਲੋਕਾਂ ਨੂੰ ਐਂਟਰੀ ਯਕੀਨੀ ਬਣਾਉਣ ਦਾ ਨਿਰਦੇਸ਼ ਅਧਿਕਾਰੀਆਂ ਨੂੰ ਦਿੱਤਾ ਹੈ ।
ਦੱਸ ਦੇਈਏ ਕਿ 13 ਅਪ੍ਰੈਲ ਤੋਂ ਨਰਾਤੇ ਸ਼ੁਰੂ ਹੋ ਰਹੇ ਹਨ ਅਤੇ ਰਮਜ਼ਾਨ ਦੇ ਵੀ 13 ਅਪ੍ਰੈਲ ਤੋਂ ਸ਼ੁਰੂ ਹੋਣ ਦੀ ਉਮੀਦ ਹੈ । ਇਨ੍ਹਾਂ ਤਿਉਹਾਰਾਂ ‘ਤੇ ਮੰਦਿਰਾਂ ਅਤੇ ਮਸਜਿਦਾਂ ਵਿੱਚ ਬਹੁਤ ਭੀੜ ਰਹਿੰਦੀ ਹੈ। ਸਰਕਾਰ ਦੇ ਫੈਸਲੇ ਤੋਂ ਬਾਅਦ ਸਿਰਫ ਪੰਜ ਲੋਕਾਂ ਨੂੰ ਹੀ ਇਕੱਠੇ ਦਾਖਲਾ ਮਿਲ ਸਕੇਗਾ । ਅਜਿਹੀ ਸਥਿਤੀ ਵਿੱਚ ਮੰਦਿਰਾਂ ਅਤੇ ਮਸਜਿਦਾਂ ਵਿੱਚ ਜ਼ਿਆਦਾ ਭੀੜ ਇਕੱਠੀ ਨਹੀਂ ਹੋਵੇਗੀ । ਰਮਜ਼ਾਨ ਦੇ ਸ਼ੁਰੂਆਤੀ ਦਿਨਾਂ ਵਿੱਚ ਰੋਜ਼ਾ ਖੋਲ੍ਹਣ ਤੋਂ ਬਾਅਦ ਬਹੁਤ ਸਾਰੇ ਲੋਕ ਤਰਾਵੀਹ ਪੜ੍ਹਨ ਲਈ ਆਉਂਦੇ ਹਨ, ਪਰ ਸਰਕਾਰ ਦੇ ਫੈਸਲੇ ਤੋਂ ਬਾਅਦ ਸਿਰਫ ਪੰਜ ਲੋਕ ਇਕੱਠੇ ਪ੍ਰਵੇਸ਼ ਕਰ ਸਕਣਗੇ ਅਤੇ ਮਸਜਿਦਾਂ ਖਾਲੀ ਰਹਿਣਗੀਆਂ।
ਗੌਰਤਲਬ ਹੈ ਕਿ ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਸੰਕ੍ਰਮਣ ਤੇਜ਼ੀ ਨਾਲ ਵੱਧ ਰਿਹਾ ਹੈ। ਸ਼ਨੀਵਾਰ ਨੂੰ ਯੂਪੀ ਵਿੱਚ ਕੋਰੋਨਾ ਸੰਕ੍ਰਮਣ ਦੇ 12,787 ਨਵੇਂ ਕੇਸ ਸਾਹਮਣੇ ਆਏ ਅਤੇ 48 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ । ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਰਾਜ ਦੇ ਗੋਰਖਪੁਰ, ਬਾਂਦਾ ਵਿੱਚ ਨਾਈਟ ਕਰਫਿਊ ਦਾ ਐਲਾਨ ਕੀਤਾ ਗਿਆ । ਇਸ ਦੇ ਨਾਲ ਹੀ, ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਗਰਭ ਗ੍ਰਹਿ ਵਿੱਚ ਦਾਖਲੇ ‘ਤੇ ਪਾਬੰਦੀ ਲਗਾਈ ਗਈ, ਜਦਕਿ ਮਥੁਰਾ ਵਿੱਚ ਭਗਵਾਨ ਕ੍ਰਿਸ਼ਨ ਦੇ ਜਨਮ ਸਥਾਨ ‘ਤੇ ਵੀ ਨਿਯਮ ਸਖਤ ਕੀਤੇ ਗਏ ਹਨ ।
ਦੱਸ ਦੇਈਏ ਕਿ ਸੀ.ਐੱਮ ਯੋਗੀ ਆਦਿੱਤਿਆਨਾਥ ਨੇ ਸ਼ਨੀਵਾਰ ਨੂੰ ਇੱਕ ਬੈਠਕ ਵਿੱਚ ਕਿਹਾ ਕਿ ਮਹਾਰਾਸ਼ਟਰ, ਪੰਜਾਬ, ਦਿੱਲੀ, ਮੱਧ ਪ੍ਰਦੇਸ਼, ਕੇਰਲ, ਕਰਨਾਟਕ ਸਮੇਤ ਕਈ ਸੂਬਿਆਂ ਵਿੱਚ ਕੋਰੋਨਾ ਦੀ ਲਾਗ ਦੀ ਸਥਿਤੀ ਵਧੇਰੇ ਭਿਆਨਕ ਹੈ। ਜਿਸ ਕਾਰਨ ਕੋਵਿਡ ਟੈਸਟਿੰਗ ਰੇਲਵੇ ਸਟੇਸ਼ਨ ਤੇ ਏਅਰਪੋਰਟ ‘ਤੇ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਹਰ ਗ੍ਰਾਮ ਪੰਚਾਇਤ, ਵਾਰਡਾਂ, ਨਗਰ ਨਿਗਮਾਂ ਵਿੱਚ ਨਿਗਰਾਨ ਕਮੇਟੀਆਂ ਨੂੰ ਕਾਰਜਸ਼ੀਲ ਬਣਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਏਕੀਕ੍ਰਿਤ ਕਮਾਂਡ ਐਂਡ ਕੰਟਰੋਲ ਸਿਸਟਮ ਨਾਲ ਜੋੜਿਆ ਜਾਣਾ ਚਾਹੀਦਾ ਹੈ।