Hockey olympian balbir singh jr : ਬੀਤੇ ਦਿਨ ਖੇਡ ਜਗਤ ਲਈ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਸੀ। ਦਰਅਸਲ ਸਾਬਕਾ ਹਾਕੀ ਖਿਡਾਰੀ ਅਤੇ ਏਸ਼ੀਅਨ ਖੇਡਾਂ ਦੀ ਚਾਂਦੀ ਤਮਗਾ ਜੇਤੂ ਟੀਮ ਦੇ ਮੈਂਬਰ ਬਲਬੀਰ ਸਿੰਘ ਜੂਨੀਅਰ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਬਲਬੀਰ ਸਿੰਘ ਜੂਨੀਅਰ ਦੀ ਉਮਰ 89 ਸਾਲ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਦੇਰ ਸ਼ਾਮ ਸੈਕਟਰ -25 ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ ਸੀ। ਬਲਬੀਰ ਸਿੰਘ ਜੂਨੀਅਰ ਦਾ ਜਨਮ 2 ਮਈ 1932 ਨੂੰ ਸੰਸਾਰਪੁਰ (ਜਲੰਧਰ) ਵਿਖੇ ਹੋਇਆ ਸੀ, ਪਰ ਉਹ ਸੈਕਟਰ -34, ਚੰਡੀਗੜ੍ਹ ਵਿਖੇ ਰਹਿੰਦੇ ਸਨ। ਬਲਬੀਰ ਸਿੰਘ ਜੂਨੀਅਰ ਦੀ ਪਤਨੀ ਸੁਖਪਾਲ ਕੌਰ ਨੇ ਦੱਸਿਆ ਕਿ ਉਹ ਦਿਲ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੱਸਿਆ ਕੇ ਜਦੋਂ ਸਵੇਰੇ ਪੰਜ ਵਜੇ ਉਨ੍ਹਾਂ ਨੇ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਉੱਠੇ।
ਸਿਰਫ ਛੇ ਸਾਲ ਦੀ ਉਮਰ ਤੋਂ ਹਾਕੀ ਖੇਡਣੀ ਸ਼ੁਰੂ ਕਰਨ ਵਾਲੇ ਬਲਬੀਰ ਸਿੰਘ ਜੂਨੀਅਰ ਰਾਸ਼ਟਰੀ ਹਾਕੀ ਦਾ ਇੱਕ ਜਾਣਿਆ-ਪਛਾਣਿਆ ਚਿਹਰਾ ਸਨ। ਉਹ ਇੱਕ ਮੇਜਰ ਦੇ ਤੌਰ ਤੇ 1984 ਵਿੱਚ ਆਰਮੀ ਤੋਂ ਸੇਵਾਮੁਕਤ ਹੋਏ ਸੀ। ਭਾਰਤੀ ਰੇਲਵੇ ਨੂੰ ਹਾਕੀ ਦੀਆਂ ਸਿਖਰਾਂ ਤੇ ਲਿਜਾਣ ਵਿੱਚ ਉਨ੍ਹਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਜਿਸ ਕਾਰਨ 1957 ਤੋਂ 59 ਤੱਕ ਰੇਲਵੇ ਟੀਮ ਰਾਸ਼ਟਰੀ ਚੈਂਪੀਅਨ ਰਹੀ ਸੀ। ਡੀਏਵੀ ਕਾਲਜ ਜਲੰਧਰ ਤੋਂ ਗ੍ਰੈਜੂਏਸ਼ਨ ਪੂਰੀ ਕਰਨ ਵਾਲੇ ਬਲਬੀਰ ਜੂਨੀਅਰ ਦੇ ਕੈਰੀਅਰ ‘ਚ ਨਵਾਂ ਮੋੜ ਉਦੋਂ ਆਇਆ ਜਦੋਂ ਉਨ੍ਹਾਂ ਨੇ 1962 ਵਿੱਚ ਫੌਜ ਦੀ ਨੌਕਰੀ ਸ਼ੁਰੂ ਕੀਤੀ। ਉਹ ਨੈਸ਼ਨਲ ਹਾਕੀ ਟੂਰਨਾਮੈਂਟ ‘ਚ ਦਿੱਲੀ ਵਿੱਚ ਸੈਨਾ ਲਈ ਖੇਡਦੇ ਸੀ। ਉਨ੍ਹਾਂ ਨੇ ਕੀਨੀਆ ਖਿਲਾਫ ਟੈਸਟ ਮੈਚ ਵੀ ਖੇਡੇ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦੀ ਟੀਮ ਦੀ ਕਪਤਾਨੀ ਵੀ ਕੀਤੀ ਸੀ।