Mumbai man gets 1 year jail: ਮੁੰਬਈ ਦੀ ਵਿਸ਼ੇਸ਼ ਪੋਕਸੋ ਅਦਾਲਤ ਨੇ ਅੱਖ ਮਾਰਨ ਤੇ ਫਲਾਇੰਗ ਨੂੰ ਜਿਨਸੀ ਸ਼ੋਸ਼ਣ ਕਰਾਰ ਦਿੱਤਾ ਹੈ। ਇਸੇ ਦੇ ਤਹਿਤ ਅਦਾਲਤ ਵੱਲੋਂ ਇੱਕ 14 ਸਾਲਾਂ ਕੁੜੀ ਨਾਲ ਛੇੜਛਾੜ ਦੇ ਦੋਸ਼ੀ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਹੈ। ਇਸ ਸਬੰਧੀ ਪੋਕਸੋ ਅਦਾਲਤ ਦੀ ਵਿਸ਼ੇਸ਼ ਜੱਜ ਭਾਰਤੀ ਕਾਲੇ ਵੱਲੋਂ 7 ਅਪ੍ਰੈਲ ਨੂੰ ਇੱਕ 20 ਸਾਲਾਂ ਨੌਜਵਾਨ ਨੂੰ IPC ਦੀ ਧਾਰਾ 354 ਤੇ ਪੋਕਸੋ ਐਕਟ ਦੇ ਤਹਿਤ ਦੋਸ਼ੀ ਠਹਿਰਾਇਆ। ਇਸ ਤੋਂ ਇਲਾਵਾ ਅਦਾਲਤ ਵੱਲੋਂ ਦੋਸ਼ੀ ਨੂੰ 10 ਹਜ਼ਾਰ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ।
ਇਸ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਕਿਹਾ ਕਿ ਸਾਰੇ ਗਵਾਹਾਂ ਦੇ ਮੱਦੇਨਜ਼ਰ ਅਜਿਹਾ ਪ੍ਰਤੀਤ ਨਹੀਂ ਹੁੰਦਾ ਹੈ ਕਿ ਦੋਸ਼ੀ ਨੂੰ ਕਿਸੇ ਝੂਠੇ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ। ਅਦਾਲਤ ਨੇ ਕਿਹਾ ਕਿ ਉਨ੍ਹਾਂ ਕੋਲ ਠੋਸ ਸਬੂਤ ਹਨ ਕਿ ਦੋਸ਼ੀ ਨੂੰ ਘਟਨਾ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਕਿਹਾ ਕਿ ਆਨ ਰਿਕਾਰਡ ਤੋਂ ਇਹ ਸਾਬਿਤ ਹੁੰਦਾ ਹੈ ਕਿ ਦੋਸ਼ੀ ਦਾ ਅੱਖ ਮਾਰਨਾ ਤੇ ਫਲਾਇੰਗ ਕਿਸ ਦੇਣਾ ਇੱਕ ਯੌਨ ਇਸ਼ਾਰਾ ਹੈ। ਅਦਾਲਤ ਨੇ ਪੀੜਤ ਦੇ ਬਿਆਨ ਤੋਂ ਇਲਾਵਾ ਉਸਦੀ ਮਾਂ ਦਾ ਬਿਆਨ ਵੀ ਦਰਜ ਕੀਤਾ ਹੈ।
ਦੱਸ ਦੇਈਏ ਕਿ ਇਹ ਕੇਸ ਪਿਛਲੇ ਸਾਲ 29 ਫਰਵਰੀ ਦਾ ਹੈ । ਲੜਕੀ ਦੀ ਮਾਂ ਦੀ ਸ਼ਿਕਾਇਤ ‘ਤੇ ਐਲਟੀ ਮਾਰਗ ਥਾਣੇ ਵਿਖੇ ਕੇਸ ਦਰਜ ਕੀਤਾ ਗਿਆ ਸੀ। 14 ਸਾਲਾ ਪੀੜਤ ਲੜਕੀ ਨੇ ਅਦਾਲਤ ਨੂੰ ਦੱਸਿਆ ਕਿ ਉਹ ਘਟਨਾ ਵਾਲੇ ਦਿਨ ਆਪਣੀ ਭੈਣ ਸਮੇਤ ਘਰ ਦੇ ਬਾਹਰ ਖੜ੍ਹੀ ਸੀ। ਇਸ ਦੌਰਾਨ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੇ ਦੋਸ਼ੀ ਨੇ ਉਸ ਨੂੰ ਅੱਖ ਮਾਰੀ ਅਤੇ ਫਲਾਇੰਗ ਕਿਸ ਦਾ ਇਸ਼ਾਰਾ ਕੀਤਾ। ਉੱਥੇ ਹੀ ਦੂਜੇ ਪਾਸੇ ਦੋਸ਼ੀ ਨੇ ਕਿਹਾ ਕਿ ਕਿਸੇ ਹੋਰ ਭਾਈਚਾਰੇ ਤੋਂ ਹੋਣ ਕਰਕੇ ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਉਸਦੇ ਅਤੇ ਬੱਚੇ ਦੇ ਚਚੇਰਾ ਭਰਾ ਵਿਚਕਾਰ ਇੱਕ ਸ਼ਰਤ ਲੱਗੀ ਸੀ। ਜਿਸ ਕਾਰਨ ਉਸਨੇ ਅਜਿਹਾ ਕੀਤਾ।