The Commissionerate of Police : ਲੁਧਿਆਣਾ : ਪੁਲਿਸ ਕਮਿਸ਼ਨਰ, ਲੁਧਿਆਣਾ ਨੇ ਇਲਾਕੇ ਅੰਦਰ ਵੱਖ-ਵੱਖ ਪਾਬੰਦੀਆਂ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਜਿਨ੍ਹਾਂ ਵਿੱਚ ਸ਼ਹਿਰ ਵਿੱਚ ਪੰਜ ਜਾਂ ਪੰਜ ਤੋਂ ਵੱਧ ਬੰਦੇ ਇਕੱਠੇ ਹੋਣ, ਧਰਨੇ/ਜਲੂਸ/ਰੈਲੀਆਂ ਆਦਿ ‘ਤੇ ਪੂਰੀ ਤਰ੍ਹਾਂ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਸੈਕਟਰ 39-ਏ, ਪੁੱਡਾ ਗਰਾਊਂਡ ਸਾਹਮਣੇ ਵਰਧਮਾਨ ਮਿੱਲ, ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ ਮੁਕਰਰ ਕੀਤੀ ਥਾਂ ਤੋਂ ਇਲਾਵਾ ਬਿਨਾਂ ਮਨਜ਼ੂਰੀ ਕਿਤੇ ਵੀ ਧਰਨੇ/ਜਲੂਸ/ਰੈਲੀਆਂ ਆਦਿ ਕਰਨ ‘ਤੇ ਪਾਬੰਦੀ ਲਾਈ ਗਈ ਹੈ। ਇਸ ਤੋਂ ਇਲਾਵਾ ਹਥਿਆਰ ਲੈ ਕੇ ਚੱਲਣ ਅਤੇ ਅਗਜ਼ਨੀ ਵਾਲੇ ਤਰਲ ਪਦਾਰਥਾਂ ਨੂੰ ਨਾਲ ਲੈ ਕੇ ਚੱਲਣ ‘ਤੇ ਵੀ ਪੂਰੀ ਤਰ੍ਹਾਂ ਮਨਾਹੀ ਕੀਤੀ ਗਈ ਹੈ।
ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਨੇ ਗੋਲਡ ਲੋਨ ਕੰਪਨੀਆਂ ਅਤੇ ਹੋਰ ਵਿੱਤੀ ਸੰਸਥਾਵਾਂ ਨੂੰ ਕਾਨੂੰਨ ਵਿਵਸਥਾ ਦੀ ਸਾਂਭ-ਸੰਭਾਲ ਲਈ ਵੱਖ-ਵੱਖ ਹਿਦਾਇਤਾਂ ਜਾਰੀ ਕੀਤੇ ਹਨ। ਵੱਖ-ਵੱਖ ਸਥਾਨਾਂ ‘ਤੇ ਬਰਾਂਚਾ ਦੇ ਅੰਦਰ ਅਤੇ ਬਾਹਰ ਹਾਈ ਕੁਆਲਟੀ ਡੇ-ਨਾਈਟ ਸੀਸੀਟੀਵੀ ਕੈਮਰੇ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ ਜਿਸ ਵਿੱਚ ਡੀ.ਵੀ.ਆਰ/ਐਨ.ਵੀ.ਟੀ. ਅਤੇ ਰਿਮੋਟ ਕੰਟਰੋਲ ਰਿਕਾਰਡਿੰਗ ਅਤੇ ਸਟੋਰੇਜ ਸਹੂਲਤਾਂ ਹੋਣ। ਇਸ ਤੋਂ ਇਲਾਵਾ ਉਨ੍ਹਾਂ ਮੁੱਖ ਦਫਤਰਾਂ ਨਾਲ ਜੁੜੀਆਂ ਬ੍ਰਾਂਚਾਂ ਵਿਚ ਚੋਰੀ ਦੀ ਵਾਰਦਾਤ ਹੋਣ ‘ਤੇ ਅਲਾਰਮ ਲਗਾਉਣ ਲਈ ਵੀ ਕਿਹਾ ਹੈ। ਸ਼ਹਿਰ ਵਿੱਚ 100 ਮੀਟਰ ਤੱਕ ਆਸਪਾਸ ਦੇ ਇਲਾਕੇ ਵਿੱਚ ਸੁਣਨਯੋਗ ਸਿਸਟਮ ਦੀ ਉੱਚੀ ਅਵਾਜ਼ ਵਿੱਚ ਅਲਾਰਮ/ਹੂਟਰ ਦੇਣ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
ਸੁਰੱਖਿਆ ਮੁਲਾਜ਼ਮ ਲਾਜ਼ਮੀ ਤੌਰ ‘ਤੇ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਤਾਇਨਾਤ ਕੀਤੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਹੋਰ ਡਿਊਟੀ ਲਈ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ। ਲੁਧਿਆਣਾ ਵਿੱਚ ਪੈਂਦੇ ਸਪਾ ਤੇ ਮਸਾਜ ਸੈਂਟਰਾਂ ਦੇ ਰਿਸ਼ੈਪਸ਼ਨ ਏਰੀਆ ਵਿੱਚ ਅੰਦਰ ਆਉਣ ਤੇ ਬਾਹਰ ਜਾਣ ਵਾਲੇ ਰਸਤਿਆਂ ‘ਤੇ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਣੇ ਲਾਜ਼ਮੀ ਹਨ ਅਤੇ 30 ਦਿਨ ਦਾ ਰਿਕਾਰਡਿੰਗ ਬੈਕਅੱਪ ਵੀ ਰੱਖਿਆ ਜਾਵੇ। ਇਨ੍ਹਾਂ ਸੈਂਟਰਾਂ ਦੇ ਮਾਲਕ ਆਉਣ ਵਾਲੇ ਹਰ ਗ੍ਰਾਹਕ ਦਾ ਫੋਟੋ ਆਈ.ਡੀ. ਰੱਖਣਗੇ ਅਤੇ ਆਪਣੇ ਹਰ ਕਰਮਚਾਰੀ ਦੀ ਪੁਲਿਸ ਵੈਰੀਫਿਕੇਸ਼ਨ ਵੀ ਕਰਵਾਈ ਜਾਵੇ। ਇਹ ਹੁਕਮ ਜਾਰੀ ਹੋਣ ਦੀ ਮਿਤੀ ਤੋਂ ਅਗਲੇ 2 ਮਹੀਨੇ ਤੱਕ ਲਾਗੂ ਰਹਿਣਗੇ।