Punjab kings bowler arshdeep singh : ਪੰਜਾਬ ਕਿੰਗਜ਼ (PBKS) ਨੇ ਆਪਣੀ ਆਈਪੀਐਲ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਪੰਜਾਬ ਕਿੰਗਜ਼ ਨੇ ਇੱਕ ਰੋਮਾਂਚਕ ਮੈਚ ਵਿੱਚ ਰਾਜਸਥਾਨ ਰਾਇਲਜ਼ (RR) ਨੂੰ ਚਾਰ ਦੌੜਾਂ ਨਾਲ ਹਰਾਇਆ ਹੈ। ਪਰ ਪੰਜਾਬ ਦੀ ਜਿੱਤ ਵਿੱਚ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਇੱਕ ਅਹਿਮ ਭੂਮਿਕਾ ਨਿਭਾਈ ਹੈ। ਅਰਸ਼ਦੀਪ ਨੇ 4 ਓਵਰਾਂ ਵਿੱਚ 35 ਦੌੜਾਂ ਦੇ ਕੇ 3 ਵਿਕਟਾਂ ਹਾਸਿਲ ਕੀਤੀਆਂ ਹਨ। ਰਾਜਸਥਾਨ ਨੂੰ ਆਖਰੀ ਓਵਰ ‘ਚ ਜਿੱਤ ਲਈ 13 ਦੌੜਾਂ ਦੀ ਜ਼ਰੂਰਤ ਸੀ। ਪਰ ਅਰਸ਼ਦੀਪ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਸਿਰਫ 8 ਦੌੜਾਂ ਦਿੱਤੀਆਂ। 20 ਵੇਂ ਓਵਰ ਦੀਆਂ ਪਹਿਲੀਆਂ 3 ਗੇਂਦਾਂ ਵਿੱਚ ਸਿਰਫ 2 ਦੌੜਾਂ ਹੀ ਬਣੀਆਂ ਸੀ। ਇਸ ਤੋਂ ਬਾਅਦ ਸੰਜੂ ਸੈਮਸਨ ਨੇ ਚੌਥੀ ਗੇਂਦ ‘ਤੇ ਛੱਕਾ ਲਗਾਇਆ। ਪੰਜਵੀਂ ਗੇਂਦ ‘ਤੇ ਕੋਈ ਦੌੜ ਨਹੀਂ ਬਣ ਸਕੀ। ਫਿਰ ਆਖਰੀ ਗੇਂਦ ‘ਤੇ ਰਾਜਸਥਾਨ ਨੂੰ ਜਿੱਤ ਲਈ 5 ਦੌੜਾਂ ਦੀ ਜ਼ਰੂਰਤ ਸੀ। ਸੈਮਸਨ ਨੇ ਇੱਕ ਵੱਡਾ ਸ਼ਾਟ ਲਾਇਆ, ਪਰ ਗੇਂਦ ਸੀਮਾ ਰੇਖਾ ‘ਤੇ ਖੜ੍ਹੇ ਦੀਪਕ ਹੁੱਡਾ ਦੇ ਹੱਥਾਂ ਵਿੱਚ ਚਲੀ ਗਈ।
22 ਸਾਲਾ ਅਰਸ਼ਦੀਪ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਹੁਤ ਹੀ ਸ਼ਾਨਦਾਰ ਢੰਗ ਨਾਲ ਕੀਤੀ ਸੀ। ਅਰਸ਼ਦੀਪ ਨੂੰ ਸਾਲ 2018 ‘ਚ ਨਿਊਜ਼ੀਲੈਂਡ ਵਿਚ ਆਯੋਜਿਤ ਅੰਡਰ -19 ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚ ਜਗ੍ਹਾ ਮਿਲੀ ਸੀ। ਰਾਹੁਲ ਦ੍ਰਾਵਿੜ ਦੀ ਕੋਚਿੰਗ ਅਤੇ ਪ੍ਰਿਥਵੀ ਸ਼ਾ ਦੀ ਕਪਤਾਨੀ ਹੇਠ ਭਾਰਤ ਉਸ ਟੂਰਨਾਮੈਂਟ ਦਾ ਜੇਤੂ ਬਣਿਆ ਸੀ। ਪੂਰੇ ਟੂਰਨਾਮੈਂਟ ਦੌਰਾਨ ਅਰਸ਼ਦੀਪ ਨੇ ਦੋ ਮੈਚ ਖੇਡੇ ਅਤੇ ਤਿੰਨ ਵਿਕਟਾਂ ਹਾਸਿਲ ਕੀਤੀਆਂ। ਇਸ ਤੋਂ ਬਾਅਦ ਉਸ ਨੂੰ ਪੰਜਾਬ ਕਿੰਗਜ਼ ਨੇ ਆਈਪੀਐਲ 2019 ਦੀ ਨਿਲਾਮੀ ਵਿੱਚ 20 ਲੱਖ ਰੁਪਏ ਵਿੱਚ ਖਰੀਦਿਆ ਸੀ। ਨਿਲਾਮੀ ਵਾਲੇ ਦਿਨ, ਖੱਬੇ ਹੱਥ ਦੇ ਤੇਜ਼ ਗੇਂਦਬਾਜ਼, ਨੇ ਸੀ ਕੇ ਨਾਇਡੂ ਟਰਾਫੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਅਰਸ਼ਦੀਪ ਨੇ ਪੰਜਾਬ ਅੰਡਰ -23 ਟੀਮ ਵਲੋਂ ਖੇਡਦਿਆਂ ਰਾਜਸਥਾਨ ਖਿਲਾਫ ਹੈਟ੍ਰਿਕ ਸਮੇਤ ਅੱਠ ਵਿਕਟਾਂ ਲਈਆਂ ਸਨ।
ਆਈਪੀਐਲ ਦੇ ਆਪਣੇ ਪਹਿਲੇ ਸੀਜ਼ਨ ਵਿੱਚ ਅਰਸ਼ਦੀਪ ਨੂੰ ਜ਼ਿਆਦਾ ਮੈਚ ਖੇਡਣ ਲਈ ਨਹੀਂ ਮਿਲੇ ਸੀ। ਆਈਪੀਐਲ 2019 ਵਿੱਚ ਅਰਸ਼ਦੀਪ ਨੇ ਤਿੰਨ ਮੈਚਾਂ ਵਿੱਚ ਤਿੰਨ ਵਿਕਟਾਂ ਹਾਸਿਲ ਕੀਤੀਆਂ ਸੀ। ਖੱਬੇ ਹੱਥ ਦੇ ਗੇਂਦਬਾਜ਼ ਨੇ ਆਈਪੀਐਲ 2020 ਵਿੱਚ ਆਪਣੀ ਪਛਾਣ ਬਣਾਈ ਹੈ। ਅਰਸ਼ਦੀਪ ਨੂੰ 2020 ਆਈਪੀਐਲ ਵਿੱਚ ਅੱਠ ਮੈਚ ਖੇਡਣ ਦਾ ਮੌਕਾ ਮਿਲਿਆ, ਜਿਸ ਵਿੱਚ ਉਸ ਨੇ 24.22 ਦੀ ਔਸਤ ਨਾਲ 9 ਵਿਕਟਾਂ ਪ੍ਰਾਪਤ ਕੀਤੀਆਂ ਸੀ। ਅਰਸ਼ਦੀਪ ਸਿੰਘ ਘਰੇਲੂ ਕ੍ਰਿਕਟ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦਾ ਹੈ। ਅਰਸ਼ਦੀਪ ਨੇ ਹੁਣ ਤੱਕ ਤਿੰਨ ਪਹਿਲੇ ਦਰਜੇ ਦੇ ਮੈਚ ਖੇਡੇ ਹਨ, ਜਿਸ ਵਿੱਚ ਉਸ ਦੇ ਨਾਮ 9 ਵਿਕਟਾਂ ਹਨ। ਅਰਸ਼ਦੀਪ ਨੇ ਹੁਣ ਤੱਕ 12 ਲਿਸਟ-ਏ ਮੈਚਾਂ ਵਿੱਚ 11 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ, ਉਸਨੇ 19 ਟੀ -20 ਮੈਚਾਂ ‘ਚ 25 ਵਿਕਟਾਂ ਲਈਆਂ ਹਨ।
ਰਾਜਸਥਾਨ ਰਾਇਲਜ਼ ਖ਼ਿਲਾਫ਼ ਖੇਡੇ ਗਏ ਮੈਚ ਤੋਂ ਬਾਅਦ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਕਿਹਾ ਕਿ ਉਸ ਦੀ ਰਣਨੀਤੀ ਸੰਜੂ ਸੈਮਸਨ ਨੂੰ ‘ਵਾਈਡ ਯਾਰਕਰ’ ਪਾਉਣ ਦੀ ਸੀ। ਅਰਸ਼ਦੀਪ ਨੇ ਕਿਹਾ, ‘ਮੈਂ ਆਪਣੇ ‘ਤੇ ਭਰੋਸਾ ਕੀਤਾ। ਸਹਾਇਤਾ ਅਮਲੇ ਅਤੇ ਗੇਂਦਬਾਜ਼ੀ ਕੋਚ ਨੇ ਵੀ ਮੈਨੂੰ ਰਣਨੀਤੀ ‘ਤੇ ਚੱਲਣ ਲਈ ਕਿਹਾ। ਆਖਰੀ ਓਵਰ ਵਿੱਚ, ਜਦੋਂ ਸੈਮਸਨ ਨੂੰ ਗੇਂਦਬਾਜ਼ੀ ਦੀ ਰਣਨੀਤੀ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਕਿਹਾ, “ਰਣਨੀਤੀ ਵਿੱਚ ਫ਼ੀਲਡ ਨਿਰਧਾਰਤ ਕੀਤੀ ਗਈ ਸੀ ਅਤੇ ਉਸ ਨੇ ਵਾਈਡ ਯਾਰਕਰ ਸਿੱਟਣੀ ਸੀ। ਅਸੀਂ ਜਾਣਦੇ ਸੀ ਕਿ ਛੇ ਗੇਂਦਾਂ ਅਜਿਹੀਆਂ ਪਾਈਆਂ ਤਾਂ ਉਨ੍ਹਾਂ ਨੂੰ ਮੁਸ਼ਕਿਲ ਹੋਵੇਗੀ।”