Rahul Gandhi takes jibes on PM Modi: ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤੇਜ਼ੀ ਨਾਲ ਫੈਲ ਰਹੀ ਹੈ । ਹਰ ਦਿਨ 1.5 ਲੱਖ ਤੋਂ ਵੱਧ ਨਵੇਂ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ । ਇਸ ਵਿਚਾਲੇ ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਟੀਕਿਆਂ ਦੀ ਉਪਲਬਧਤਾ ਨੂੰ ਵਧਾਉਣ ਲਈ ਵਿਦੇਸ਼ੀ ਟੀਕਿਆਂ ਦੀ ਐਮਰਜੈਂਸੀ ਵਰਤੋਂ ਨੂੰ ਪ੍ਰਵਾਨਗੀ ਦੇਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਹੈ। ਸਰਕਾਰ ਨੇ ਹਾਲ ਹੀ ਵਿੱਚ ਤੀਜੇ ਟੀਕੇ ਦੇ ਤੌਰ ‘ਤੇ ਰੂਸ ਵੱਲੋਂ ਬਣਾਈ ਗਈ ਵੈਕਸੀਨ ਸਪੂਤਨਿਕ ਵੀ ਪ੍ਰਵਾਨਗੀ ਦਿੱਤੀ ਹੈ । ਇਸ ਨਾਲ ਦੇਸ਼ ਵਿੱਚ ਵੈਕਸੀਨ ਦੀ ਹੋ ਰਹੀ ਘਾਟ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ।
ਇਸ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਸਰਕਾਰ ‘ਤੇ ਤੰਜ ਕਸਿਆ ਹੈ । ਉਨ੍ਹਾਂ ਨੇ ਮਹਾਤਮਾ ਗਾਂਧੀ ਦੇ ਇੱਕ ਮਸ਼ਹੂਰ ਬਿਆਨ ਦੇ ਹਵਾਲੇ ਨਾਲ ਟਵੀਟ ਕੀਤਾ, “ਪਹਿਲਾਂ ਉਹ ਤੁਹਾਡਾ ਇੰਤਜ਼ਾਰ ਕਰਨਗੇ, ਫਿਰ ਤੁਹਾਡੇ ‘ਤੇ ਹੱਸਣਗੇ, ਫਿਰ ਉਹ ਤੁਹਾਡੇ ਨਾਲ ਲੜਨਗੇ, ਫਿਰ ਤੁਸੀਂ ਜਿੱਤ ਜਾਓਗੇ।” ਇਸਦੇ ਨਾਲ ਹੀ ਰਾਹੁਲ ਗਾਂਧੀ ਨੇ ਇੱਕ ਟਵੀਟ ਰਾਹੀਂ ਵਿਦੇਸ਼ੀ ਟੀਕੇ ਨੂੰ ਪ੍ਰਵਾਨਗੀ ਦੇਣ ਦੀ ਪ੍ਰਕਿਰਿਆ ਦੀ ਖਬਰ ਵੀ ਸਾਂਝੀ ਕੀਤੀ ਹੈ । ਦਰਅਸਲ, ਰਾਹੁਲ ਗਾਂਧੀ ਨੇ ਕੁਝ ਦਿਨ ਪਹਿਲਾਂ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਵਿਦੇਸ਼ਾਂ ਵਿੱਚ ਨਿਰਮਿਤ ਟੀਕਿਆਂ ਦੀ ਵਰਤੋਂ ਭਾਰਤ ਵਿੱਚ ਕਰਨ ਦੀ ਆਗਿਆ ਦਿੱਤੀ ਜਾਵੇ । ਇਸ ਤੋਂ ਬਾਅਦ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਉਨ੍ਹਾਂ ‘ਤੇ ਵਿਦੇਸ਼ੀ ਕੰਪਨੀਆਂ ਦੀ ਲਾਬਿੰਗ ਕਰਨ ਦਾ ਦੋਸ਼ ਲਾਇਆ ਸੀ । ਦੱਸ ਦੇਈਏ ਕਿ ਰਾਹੁਲ ਗਾਂਧੀ ਪਹਿਲਾਂ ਹੀ ਸਰਕਾਰ ਨੂੰ ਕਹਿ ਰਹੇ ਹਨ ਕਿ 45 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਵੀ ਕੋਰੋਨਾ ਟੀਕੇ ਲਗਵਾਏ ਜਾਣੇ ਚਾਹੀਦੇ ਹਨ।
ਗੌਰਤਲਬ ਹੈ ਕਿ ਲਗਾਤਾਰ ਚਾਰ ਦਿਨਾਂ ਤੋਂ ਦੇਸ਼ ਵਿੱਚ 1.5 ਲੱਖ ਤੋਂ ਉੱਪਰ ਆ ਰਹੇ ਹਨ ਅਤੇ ਅੱਠ ਦਿਨਾਂ ਤੋਂ ਇੱਕ ਲੱਖ ਤੋਂ ਜ਼ਿਆਦਾ ਕੋਵਿਡ ਮਾਮਲੇ ਸਾਹਮਣੇ ਆ ਰਹੇ ਹਨ । ਪਿਛਲੇ 24 ਘੰਟਿਆਂ ਵਿੱਚ ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 1,84,372 ਨਵੇਂ ਕੇਸ ਦਰਜ ਕੀਤੇ ਗਏ ਹਨ, ਜਦੋਂਕਿ ਇਸ ਦੌਰਾਨ ਕੋਵਿਡ ਕਾਰਨ 1,027 ਲੋਕਾਂ ਦੀ ਮੌਤ ਹੋ ਗਈ ਹੈ।
ਇਹ ਵੀ ਦੇਖੋ: ਦੇਸੀ ਤਰੀਕਿਆਂ ਨਾਲ ਵਰਜਿਸ਼ ਕਰਕੇ ਸਟੀਲ ਬਾਡੀ ਬਣਾ ਲਈ ਗੁਰਦਾਸਪੁਰ ਦੇ ਇਸ ਨੌਜਵਾਨ ਨੇ