Mamata Banerjee purported audio clip: ਭਾਜਪਾ ਵੱਲੋਂ ਸ਼ੁੱਕਰਵਾਰ ਨੂੰ ਇੱਕ ਹੋਰ ਆਡੀਓ ਕਲਿੱਪ ਜਾਰੀ ਕੀਤੀ ਗਈ ਹੈ, ਜਿਸ ਤੋਂ ਬਾਅਦ ਬੰਗਾਲ ਦੀ ਰਾਜਨੀਤੀ ਇੱਕ ਫਿਰ ਭੱਖ ਗਈ ਹੈ । ਇਸ ਆਡੀਓ ਕਲਿੱਪ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਕੂਚ ਬਿਹਾਰ ਦੇ ਸੀਤਲਕੂਚੀ ਤੋਂ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਨੂੰ ਇਹ ਕਹਿੰਦੀ ਸੁਣਾਈ ਦੇ ਰਹੀ ਹੈ ਕਿ ਉਹ 10 ਅਪ੍ਰੈਲ ਦੇ ਦਿਨ ਵੋਟਿੰਗ ਦੌਰਾਨ CISF ਦੀ ਗੋਲੀ ਨਾਲ ਮਾਰੇ ਗਏ 4 ਲੋਕਾਂ ਦੀਆਂ ਲਾਸ਼ਾਂ ਨਾਲ ਰੈਲੀਆਂ ਕਰਨ ।
ਦਰਅਸਲ, ਮਮਤਾ ਬੈਨਰਜੀ ਅਤੇ ਸੀਤਲਕੂਚੀ ਵਿਧਾਨ ਸਭਾ ਸੀਟ ਤੋਂ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਪਾਰਥ ਪ੍ਰਤੀਮ ਰਾਏ ਵਿਚਾਲੇ ਟੈਲੀਫੋਨ ’ਤੇ ਹੋਈ ਗੱਲਬਾਤ ਦੇ ਅੰਸ਼ ਜਾਰੀ ਕਰਦਿਆਂ ਭਾਜਪਾ ਦੀ IT ਸੈੱਲ ਦੇ ਪ੍ਰਮੁੱਖ ਅਮਿਤ ਮਾਲਵੀ ਨੇ ਦਾਅਵਾ ਕੀਤਾ ਕਿ ਮਮਤਾ ਬੈਨਰਜੀ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਲਾਸ਼ਾਂ ਨਾਲ ਰੈਲੀਆਂ ਕਰਨ ਦੀ ਗੱਲ ਕਹਿ ਕੇ ਦੰਗੇ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਆਡੀਓ ਵਿੱਚ ਮਮਤਾ ਬੈਨਰਜੀ ਇਹ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ਕਿ ‘ਘਬਰਾਓ ਨਾ, ਤੁਸੀਂ ਅਗਲੇ ਦਿਨ ਲਾਸ਼ਾਂ ਨਾਲ ਰੈਲੀ ਕਰਨ ਦੇ ਇੰਤਜ਼ਾਮ ਕਰੋ ਅਤੇ ਵਕੀਲ ਨਾਲ ਗੱਲ ਕਰੋ। ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਓ, ਜਿਸ ਨਾਲ ਨਾ ਤਾਂ ਐੱਸ.ਪੀ. ਬਚ ਸਕੇ ਅਤੇ ਨਾ ਹੀ ਆਈ.ਸੀ.।’ ਮਾਲਵੀ ਨੇ ਕਿਹਾ ਕਿ ਮਮਤਾ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਕਹਿ ਰਹੀ ਹਨ ਕਿ ਮਾਮਲਾ ਇਸ ਤਰ੍ਹਾਂ ਦਾ ਬਣਾਇਆ ਜਾਵੇ ਕਿ ਪੁਲਿਸ ਸੁਪਰਡੈਂਟ (ਕੂਚਬਿਹਾਰ) ਅਤੇ ਕੇਂਦਰੀ ਬਲਾਂ ਦੇ ਕਰਮਚਾਰੀਆਂ ਦੋਵਾਂ ਨੂੰ ਫਸਾਇਆ ਜਾ ਸਕੇ। ਕੀ ਕਿਸੇ ਮੁੱਖ ਮੰਤਰੀ ਵੱਲੋਂ ਅਜਿਹੀ ਉਮੀਦ ਕੀਤੀ ਜਾਂਦੀ ਹੈ? ਉਹ ਕੇਵਲ ਘੱਟ ਗਿਣਤੀਆਂ ਦੇ ਵੋਟ ਹਾਸਲ ਕਰਨ ਲਈ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਦੱਸ ਦੇਈਏ ਕਿ ਸੀਤਲਕੁਚੀ ਤੋਂ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਨੇ ਆਡੀਓ ਨੂੰ ਜਾਅਲੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਗੱਲਬਾਤ ਕਦੇ ਨਹੀਂ ਹੋਈ । ਭਾਜਪਾ ਪੰਜਵੇਂ ਗੇੜ ਦੀ ਵੋਟਿੰਗ ਤੋਂ ਪਹਿਲਾਂ ਲੋਕਾਂ ਨੂੰ ਸਿਰਫ਼ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ । ਇਸ ਤੋਂ ਪਹਿਲਾਂ ਬੈਨਰਜੀ ਨੇ ਗੋਲੀਬਾਰੀ ਨੂੰ ਨਸਲਕੁਸ਼ੀ ਕਰਾਰ ਦਿੱਤਾ ਸੀ ਅਤੇ ਇਸ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਾਜਿਸ਼ ਦੱਸਿਆ ਸੀ । ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਡੇਰੇਕ ਓ ਬਰਾਇਨ ਨੇ ਕਿਹਾ ਕਿ ਭਾਜਪਾ ਨੂੰ ਰਾਜ ਦੇ ਲੋਕਾਂ ਨਾਲ ਖੇਡਾਂ ਨਹੀਂ ਖੇਡਣੀਆਂ ਚਾਹੀਦੀਆਂ।