China refuses to leave hot springs: ਚੀਨ ਅਤੇ ਭਾਰਤ ਵਿਚਾਲੇ ਪੂਰਬੀ ਲੱਦਾਖ ਵਿੱਚ ਜਾਰੀ ਫੌਜੀ ਗਤਿਰੋਧ ਦੇ ਲਗਭਗ ਇੱਕ ਸਾਲ ਹੋ ਗਿਆ ਹੈ, ਪਰ ਵਿਵਾਦ ਅਜੇ ਵੀ ਬਣਿਆ ਹੋਇਆ ਹੈ । ਹੁਣ ਤੱਕ ਦੋਵਾਂ ਦੇਸ਼ਾਂ ਵਿਚਾਲੇ 11ਵੇਂ ਗੇੜ ਗੱਲਬਾਤ ਹੋ ਚੁੱਕੀ ਹੈ, ਫਿਰ ਵੀ ਇਸ ਵਿਵਾਦ ਦਾ ਕੋਈ ਹੱਲ ਨਹੀਂ ਹੁੰਦਾ ਦਿਖਾਈ ਦੇ ਰਿਹਾ ਹੈ । ਇਸ ਦੌਰਾਨ ਤਾਜ਼ਾ ਗੱਲਬਾਤ ਵਿੱਚ ਚੀਨੀ ਡ੍ਰੈਗਨ ਨੇ ਲੱਦਾਖ ਦੇ ਹਾਟ ਸਪਰਿੰਗ ਅਤੇ ਗੋਗਰਾ ਖੇਤਰਾਂ ਤੋਂ ਆਪਣੀ ਫੌਜ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ । ਸਿਰਫ ਇੰਨਾ ਹੀ ਨਹੀਂ ਚੀਨ ਨੇ ਭਾਰਤ ਨੂੰ ਇਹ ਵੀ ਕਿਹਾ ਹੈ ਕਿ ਭਾਰਤ ਨੂੰ ਜੋ ਮਿਲਿਆ ਹੈ ਉਸਨੂੰ ਉਸ ਵਿੱਚ ਖੁਸ਼ ਹੋਣਾ ਚਾਹੀਦਾ ਹੈ।
ਇੱਕ ਰਿਪੋਰਟ ਦੇ ਅਨੁਸਾਰ 9 ਅਪ੍ਰੈਲ ਨੂੰ ਕੋਰ ਕਮਾਂਡਰ ਦੇ ਪੱਧਰ ‘ਤੇ ਤਾਜ਼ਾ ਗੱਲਬਾਤ ਵਿੱਚ ਚੀਨ ਨੇ ਆਪਣੀ ਫੌਜ ਨੂੰ ਹੌਟ ਸਪਰਿੰਗ, ਡੇਪਸਾਂਗ ਮੈਦਾਨ ਅਤੇ ਗੋਗਰਾ ਪੋਸਟ ਤੋਂ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਫਰਵਰੀ ਵਿੱਚ ਭਾਰਤ ਅਤੇ ਚੀਨ ਦੀਆਂ ਫੌਜਾਂ ਪੈਨਗੋਂਗ ਝੀਲ ਅਤੇ ਕੈਲਾਸ਼ ਰੇਂਜ ਤੋਂ ਪਿੱਛੇ ਹਟ ਗਈਆਂ ਸੀ ਅਤੇ ਹੋਰ ਵਿਵਾਦਗ੍ਰਸਤ ਥਾਵਾਂ ਨੂੰ ਲੈ ਕੇ ਗੱਲਬਾਤ ਕਰਨ ਲਈ ਸਹਿਮਤ ਹੋ ਗਈਆਂ ਸਨ।
ਜ਼ਿਕਰਯੋਗ ਹੈ ਕਿ ਚੀਨ ਪਹਿਲਾਂ ਹਾਟ ਸਪਰਿੰਗ ਦੇ ਪੈਟਰੋਲਿੰਗ ਪੁਆਇੰਟ 15 ਅਤੇ ਪੀਪੀ-17 ਏ ਅਤੇ ਗੋਗਰਾ ਪੋਸਟ ਤੋਂ ਪਿੱਛੇ ਹਟਣ ਲਈ ਸਹਿਮਤ ਹੋ ਗਿਆ ਸੀ, ਪਰ ਬਾਅਦ ਵਿੱਚ ਉਸਨੇ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ ਹੈ । ਚੀਨ ਨੇ ਕਿਹਾ ਹੈ ਕਿ ਭਾਰਤ ਨੂੰ ਆਪਣੀ ਪ੍ਰਾਪਤੀ ਤੋਂ ਖੁਸ਼ ਹੋਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਪੈਟਰੋਲਿੰਗ ਪੁਆਇੰਟ 15 ਅਤੇ ਪੀਪੀ-17 ਏ ‘ਤੇ ਚੀਨੀ ਫੌਜ ਵੱਲੋਂ ਪਲਾਟੂਨ ਪੱਧਰ ਦੀ ਫੌਜੀ ਤਾਇਨਾਤੀ ਕੀਤੀ ਗਈ ਹੈ, ਜੋ ਪਹਿਲਾਂ ਕੰਪਨੀ ਦੇ ਪੱਧਰ ਦੀ ਸੀ।