Congress MLA Sunil Dutti : ਸਰਕਾਰ ਵੱਲੋਂ ਬਣਾਏ ਨਿਯਮ ਤੇ ਕਾਨੂੰਨ ਕੀ ਸਿਰਫ ਆਮ ਲੋਕਾਂ ਲਈ ਹਨ ਸਰਕਾਰ ਦੇ ਨੁਮਾਇੰਦੇ ਹੋਣ ਨਾਲ ਕੀ ਇਨ੍ਹਾਂ ਨਿਯਮਾਂ ਨੂੰ ਵੀ ਤੋੜਨ ਦਾ ਪਰਮਿਟ ਮਿਲ ਜਾਂਦਾ ਹੈ। ਆਮ ਲੋਕਾਂ ਤੇ ਸਰਕਾਰ ਦੇ ਲੋਕਾਂ ਵਿੱਚ ਕੀਤੇ ਜਾ ਰਹੇ ਵਿਤਕਰੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਅੰਮ੍ਰਿਤਸਰ ਤੋਂ, ਜਿਥੇ ਕਾਂਗਰਸੀ ਵਿਧਾਇਕ ਸੁਨੀਲ ਦੱਤੀ ਨੇ ਨੋ ਐਂਟਰੀ ਜ਼ੋਨ ਵਿੱਚ ਐਂਟਰੀ ਕੀਤੀ, ਜਿਥੇ ਨਾ ਤਾਂ ਉਨ੍ਹਾਂ ਨੂੰ ਰੋਕਿਆ ਗਿਆ ਅਤੇ ਨਾ ਹੀ ਕੋਈ ਚਾਲਾਨ ਕੱਟਿਆ ਗਿਆ, ਇਸ ਦੀਆਂ ਤਸਵੀਰਾਂ ਵੀ ਸੀਸੀਟੀਵੀ ਫੁਟੇਜ ਵਿੱਚ ਸਾਹਮਣੇ ਆਈਆਂ ਹਨ।
ਦਸਣਯੋਗ ਹੈ ਕਿ BRTS ਬੱਸ ਦੀ ਲਾਈਨ ਵਿੱਚੋਂ ਕਿਸੇ ਦੀ ਨੂੰ ਲੰਘਣ ਦੀ ਇਜਾਜ਼ਤ ਨਹੀਂ ਹੈ, ਜੇਕਰ ਉਥੋਂ ਕੋਈ ਲੰਘਦਾ ਹੈ ਤਾਂ ਨਿਯਮ ਤੋੜਨ ਦੇ ਦੋਸ਼ ਵਿੱਚ ਉਸ ਦਾ ਚਾਲਾਨ ਕੱਟਿਆ ਜਾਂਦਾ ਹੈ ਪਰ ਅੱਜ ਵਿਧਾਇਕ ਦੀ ਗੱਡੀ ਉਥੋਂ ਨਿਕਲੀ ਅਤੇ ਉਸ ਨੂੰ ਜਾਣ ਦਿੱਤਾ ਗਿਆ। ਇਹ ਵਿਤਕਰਾ ਪ੍ਰਸ਼ਾਸਨ ਤੇ ਸਰਕਾਰ ਦੇ ਨਿਯਮਾਂ ‘ਤੇ ਸਵਾਲ ਚੁੱਕਦਾ ਹੈ। ਨਿਯਮ ਸਾਰਿਆਂ ਲਈ ਇੱਕੋ ਜਿਹੇ ਹੋਣੇ ਚਾਹੀਦੇ ਹਨ ਪਰ ਕਾਂਗਰਸੀ ਵਿਧਾਇਕ ਨੇ ਨਿਯਮਾਂ ਨੂੰ ਤਾਕ ‘ਤੇ ਰੱਖ ਕੇ ਨੋ ਐਂਟਰੀ ਵਿੱਚ ਐਂਟਰੀ ਵੀ ਕੀਤੀ ਅਤੇ ਬੇਝਿਜਕ ਉਥੋਂ ਲੰਘ ਵੀ ਗਏ। ਜਦੋਂ ਵਿਧਾਇਕ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਸੜਕਾਂ ਦਾ ਮੁਆਇਨਾ ਕਰ ਰਿਹਾ ਸੀ ਅਤੇ ਹੋਰ ਕਿਸੇ ਸਵਾਲ ਦੇਣ ਤੋਂ ਭੱਜਦੇ ਨਜ਼ਰ ਆਏ ਅਤੇ ਉਥੋਂ ਨਿਕਲ ਗਏ।