Mumbai Indians Kieron Pollard: ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਵਿੱਚ ਮੁੰਬਈ ਇੰਡੀਅਨਜ਼ ਦੀ ਟੀਮ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਸ਼ਨੀਵਾਰ ਨੂੰ 13 ਦੌੜਾਂ ਨਾਲ ਹਰਾਇਆ । ਮੁੰਬਈ ਇੰਡੀਅਨਜ਼ ਦੀ ਜਿੱਤ ਵਿਚ ਕੀਰੋਨ ਪੋਲਾਰਡ ਦਾ ਅਹਿਮ ਯੋਗਦਾਨ ਰਿਹਾ ਜਿਸ ਨੇ ਮੁੰਬਈ ਦੀ ਪਾਰੀ ਦੀਆਂ ਆਖਰੀ ਦੋ ਗੇਂਦਾਂ ਵਿੱਚ ਦੋ ਛੱਕੇ ਮਾਰ ਕੇ ਮੁੰਬਈ ਦਾ ਸਕੋਰ 150 ਤੱਕ ਪਹੁੰਚਾਇਆ । ਇਸਦੇ ਨਾਲ ਹੀ ਪੋਲਾਰਡ ਆਈਪੀਐਲ ਦੇ ਇਤਿਹਾਸ ਵਿੱਚ 200 ਤੋਂ ਵੱਧ ਛੱਕੇ ਲਗਾਉਣ ਵਾਲੇ 6ਵੇਂ ਖਿਡਾਰੀ ਬਣਨ ਵਿੱਚ ਕਾਮਯਾਬ ਹੋਏ।
ਦਰਅਸਲ, ਪੋਲਾਰਡ ਨੇ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਬੜੀ ਮੁਸ਼ਕਲ ਸਥਿਤੀ ਵਿੱਚ ਬੱਲੇਬਾਜ਼ੀ ਕਰਦਿਆਂ 22 ਗੇਂਦਾਂ ਵਿੱਚ ਨਾਬਾਦ 35 ਦੌੜਾਂ ਬਣਾਈਆਂ । ਪੋਲਾਰਡ ਦੀ ਪਾਰੀ ਵਿੱਚ ਤਿੰਨ ਛੱਕੇ ਅਤੇ ਇਕ ਚੌਕਾ ਸ਼ਾਮਿਲ ਸੀ। ਪੋਲਾਰਡ ਨੇ ਮੈਚ ਤੋਂ ਬਾਅਦ ਮੰਨਿਆ ਕਿ ਆਖਰੀ ਓਵਰਾਂ ਵਿੱਚ ਬਣੀਆਂ ਦੌੜਾਂ ਨੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਪੋਲਾਰਡ ਨੇ ਕਿਹਾ, “ਸਾਨੂੰ ਆਖਰੀ ਓਵਰ ਵਿੱਚ ਹੋਰ ਦੌੜਾਂ ਬਣਾਉਣ ਦਾ ਰਸਤਾ ਲੱਭਣਾ ਪਏਗਾ। ਅਜਿਹੀਆਂ ਪਿੱਚਾਂ ‘ਤੇ ਸਥਿਤੀ ਮੁਸ਼ਕਿਲ ਹੁੰਦੀ ਹੈ, ਪਰ ਅਸੀਂ ਅਜਿਹੀਆਂ ਸਥਿਤੀਆਂ ਦਾ ਅਭਿਆਸ ਕਰਦੇ ਹਾਂ।” ਪੋਲਾਰਡ ਨੇ ਮੁੰਬਈ ਇੰਡੀਅਨਜ਼ ਵਿੱਚ ਆਪਣੀ ਭੂਮਿਕਾ‘ ਤੇ ਬਹੁਤ ਖੁਸ਼ੀ ਜ਼ਾਹਿਰ ਕੀਤੀ ਹੈ । ਵੈਸਟਇੰਡੀਜ਼ ਦੇ ਇਸ ਦਿੱਗਜ ਨੇ ਕਿਹਾ, “ਅਜਿਹੀ ਜਿੱਤ ਨਾਲ ਆਤਮ-ਵਿਸ਼ਵਾਸ ਵੱਧਦਾ ਹੈ ਅਤੇ ਮੈਨੂੰ ਆਪਣਾ ਕੰਮ ਕਰਨ ਦੀ ਖੁਸ਼ੀ ਹੈ।”
ਦੱਸ ਦੇਈਏ ਕਿ ਕੀਰੋਨ ਪੋਲਾਰਡ ਨੇ 14ਵੇਂ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਆਈਪੀਐਲ ਵਿੱਚ 198 ਛੱਕੇ ਲਗਾਏ ਸਨ । ਸਨਰਾਈਜ਼ਰਸ ਹੈਦਰਾਬਾਦ ਖ਼ਿਲਾਫ਼ ਤਿੰਨ ਛੱਕੇ ਮਾਰ ਕੇ ਪੋਲਾਰਡ ਆਈਪੀਐਲ ਦੇ ਇਤਿਹਾਸ ਵਿੱਚ 200 ਤੋਂ ਵੱਧ ਛੱਕੇ ਲਗਾਉਣ ਵਾਲੇ 6ਵੇਂ ਖਿਡਾਰੀ ਬਣ ਗਏ ਹਨ।