Bibi Jagir Kaur : ਕੋਰੋਨਾਵਾਇਰਸ ਦੀ ਮਹਾਮਾਰੀ ਦਿਨੋ-ਦਿਨ ਭਿਆਨਕ ਹੁੰਦੀ ਜਾ ਰਹੀ ਹੈ ਤੇ ਹਰ ਸੂਬੇ ਵਿਚ ਬਹੁਤ ਤੇਜ਼ੀ ਨਾਲ ਇਸ ਦੇ ਪਾਜੀਟਿਵ ਕੇਸ ਸਾਹਮਣੇ ਆ ਰਹੇ ਹਨ। ਐੱਸ. ਜੀ. ਪੀ. ਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਵੱਲੋਂ ਫੈਲਾਈ ਜਾ ਰਹੀ ਦਹਿਸ਼ਤ ਨੂੰ ਰੋਕਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਮੌਤਾਂ ਤਾਂ ਬਹੁਤ ਹੋ ਰਹੀਆਂ ਹਨ ਪਰ ਸਰਕਾਰ ਕੋਈ ਵੀ ਮੌਤ ਹੁੰਦੀ ਹੈ ਤਾਂ ਉਸ ਨੂੰ ਕੋਰੋਨਾਵਾਇਰਸ ਹੀ ਕਹਿੰਦੀ ਹੈ, ਜਿਸ ਨਾਲ ਲੋਕਾਂ ਦਾ ਡਰ ਹੋਰ ਵੀ ਵਧ ਜਾਂਦਾ ਹੈ ਅਤੇ ਉਨ੍ਹਾਂ ਦਾ ਇਮਿਊਨ ਸਿਸਟਮ ਕੁਦਰਤੀ ਤੌਰ ‘ਤੇ ਘੱਟ ਹੋਣ ਲੱਗਦਾ ਹੈ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਸਰਕਾਰ ਲੋਕਾਂ ਨੂੰ ਸੂਚਿਤ ਕਰੇ ਅਤੇ ਲੋਕਾਂ ਨੂੰ ਡਰਾਵੇ ਨਹੀਂ। ਉਨ੍ਹਾਂ ਕਿਹਾ ਕਿ ਲੋਕਾਂ ਦਾ ਕਾਰੋਬਾਰ ਪਹਿਲਾਂ ਹੀ ਸਾਲ ਤੋਂ ਬੰਦ ਹੈ, ਹੁਣ ਸਰਕਾਰ ਨੇ ਰਾਤ 8 ਵਜੇ ਤੋਂ ਬਾਅਦ ਰਾਤ ਦਾ ਕਰਫਿਊ ਲਗਾ ਦਿੱਤਾ ਹੈ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਜੇ ਸਰਕਾਰ ਨੇ ਅਜਿਹੇ ਫੈਸਲੇ ਲੈਣੇ ਹਨ ਤਾਂ ਲੋਕਾਂ ਨੂੰ ਪਹਿਲਾਂ ਚੇਤਾਵਨੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਲੋਕ ਖੁਦ ਨੂੰ ਤਿਆਰ ਕਰ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮੰਤਰੀਆਂ ਨੇ ਦੋ ਨੰਬਰ ਵਿੱਚ ਸ਼ਰਾਬ ਵੇਚਣੀ ਹੁੰਦੀ ਹੈ, ਇਸ ਲਈ ਸ਼ਰਾਬ ਦੇ ਠੇਕੇ ਖੁੱਲੇ ਹਨ ਅਤੇ ਰਾਸ਼ਨ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂ ਘਰ ਬੰਦ ਨਹੀਂ ਕੀਤੇ ਜਾਣਗੇ ਅਤੇ ਨਾ ਹੀ ਸਰਕਾਰ ਨੇ ਅਜਿਹੀਆਂ ਕੋਈ ਹਦਾਇਤਾਂ ਜਾਰੀ ਕੀਤੀਆਂ ਹਨ।ਕੋਰੋਨਾ ਕਾਲ ਵਿੱਚ, ਗੁਰੂ ਘਰਾਂ ਵਿਚ ਪਹਿਲਾਂ ਹੀ ਸੰਗਤਾਂ ਬਹੁਤ ਘੱਟ ਆਉਂਦੀਆਂ ਹਨ।