Nasik hospital oxygen leak incident : ਇੱਕ ਪਾਸੇ ਦੇਸ਼ ਵਿੱਚ ਆਕਸੀਜਨ ਦੀ ਭਾਰੀ ਘਾਟ ਹੈ, ਦੂਜੇ ਪਾਸੇ ਮਹਾਰਾਸ਼ਟਰ ਦੇ ਨਾਸਿਕ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਬੁੱਧਵਾਰ ਨੂੰ ਇੱਥੇ ਜ਼ਾਕਿਰ ਹੁਸੈਨ ਹਸਪਤਾਲ ਵਿਖੇ ਆਕਸੀਜਨ ਟੈਂਕ ਲੀਕ ਹੋ ਗਿਆ, ਜਿਸ ਤੋਂ ਬਾਅਦ ਹਲਚਲ ਮਚ ਗਈ। ਨਾਸਿਕ ਵਿੱਚ ਵਾਪਰੇ ਇਸ ਦਰਦਨਾਕ ਹਾਦਸੇ ਵਿੱਚ 22 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਆਕਸੀਜਨ ਦੀ ਸਪਲਾਈ ਲੀਕ ਹੋਣ ਕਾਰਨ ਲਗਭਗ ਅੱਧੇ ਘੰਟੇ ਲਈ ਠੱਪ ਰਹੀ, ਜਿਸ ਕਾਰਨ ਵੈਂਟੀਲੇਟਰ ‘ਤੇ ਮੌਜੂਦ 22 ਮਰੀਜ਼ਾਂ ਦੀ ਮੌਤ ਹੋ ਗਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਦੁਖਦਾਈ ਦੱਸਿਆ ਹੈ। ਉਨ੍ਹਾਂ ਨੇ ਟਵੀਟ ਕੀਤਾ, “ਨਾਸਿਕ ਦੇ ਇੱਕ ਹਸਪਤਾਲ ਵਿੱਚ ਆਕਸੀਜਨ ਟੈਂਕ ਲੀਕ ਹੋਣ ਕਾਰਨ ਵਾਪਰੀ ਇਹ ਘਟਨਾ ਦਿਲ ਦਹਿਲਾ ਦੇਣ ਵਾਲੀ ਹੈ। ਲੋਕਾਂ ਦੀ ਮੌਤ ਨੂੰ ਲੈ ਕੇ ਦੁੱਖ ਹੈ। ਦੁੱਖ ਦੀ ਇਸ ਘੜੀ ਵਿੱਚ ਪੀੜਤ ਪਰਿਵਾਰਾਂ ਨਾਲ ਹਮਦਰਦੀ ਹੈ।”