Punjab kings beat mumbai indians : ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ, ਵਿਸ਼ਵ ਦੀ ਸਭ ਤੋਂ ਮਸ਼ਹੂਰ ਕ੍ਰਿਕਟ ਲੀਗ ਆਈਪੀਐਲ ਯਾਨੀ ਕੇ ਇੰਡੀਅਨ ਪ੍ਰੀਮੀਅਰ ਲੀਗ ਦਾ 14 ਵਾਂ ਸੀਜ਼ਨ ਜਾਰੀ ਹੈ। ਬੀਤੇ ਦਿਨ ਚੇਨਈ ਦੇ ਐਮ ਚਿਦੰਬਰਮ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2021 ਦੇ 17 ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 9 ਵਿਕਟਾਂ ਨਾਲ ਮਾਤ ਦਿੱਤੀ ਹੈ। ਇਸ ਸੀਜ਼ਨ ਵਿੱਚ ਇਹ ਪੰਜਾਬ ਦੀ ਦੂਜੀ ਜਿੱਤ ਹੈ। ਜਦਕਿ ਮੁੰਬਈ ਦੀ ਇਹ ਪੰਜ ਮੈਚਾਂ ਵਿੱਚ ਤੀਜੀ ਹਾਰ ਹੈ। ਇਸ ਜਿੱਤ ਦੇ ਨਾਲ ਹੀ ਪੰਜਾਬ ਕਿੰਗਜ਼ ਪੁਆਇੰਟ ਟੇਬਲ ਵਿੱਚ 5 ਵੇਂ ਨੰਬਰ ‘ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾ ਕਪਤਾਨ ਰੋਹਿਤ ਸ਼ਰਮਾ ਦੀ 63 ਦੌੜਾਂ ਦੀ ਪਾਰੀ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ 20 ਓਵਰਾਂ ਵਿੱਚ ਛੇ ਵਿਕਟਾਂ ’ਤੇ 131 ਦੌੜਾਂ ਬਣਾਈਆਂ ਸਨ। ਜਿਸ ਦੇ ਜਵਾਬ ਵਿੱਚ ਪੰਜਾਬ ਕਿੰਗਜ਼ ਨੇ ਆਸਾਨੀ ਨਾਲ 17.4 ਓਵਰਾਂ ਵਿੱਚ ਸਿਰਫ ਇੱਕ ਵਿਕਟ ਗਵਾ ਕੇ ਟੀਚੇ ਦਾ ਪਿੱਛਾ ਕੀਤਾ।
ਕਪਤਾਨ ਕੇ ਐਲ ਰਾਹੁਲ ਅਤੇ ਯੂਨੀਵਰਸ ਬੌਸ ਕ੍ਰਿਸ ਗੇਲ ਪੰਜਾਬ ਦੀ ਇਸ ਜਿੱਤ ਦੇ ਹੀਰੋ ਰਹੇ ਹਨ। ਰਾਹੁਲ ਨੇ 52 ਗੇਂਦਾਂ ਵਿੱਚ ਤਿੰਨ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ ਨਾਬਾਦ 60 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਹੈ। ਇਸ ਦੇ ਨਾਲ ਹੀ ਕ੍ਰਿਸ ਗੇਲ ਨੇ 35 ਗੇਂਦਾਂ ਵਿੱਚ ਅਜੇਤੂ 43 ਦੌੜਾਂ ਬਣਾਈਆਂ ਹਨ। ਇਸ ਦੌਰਾਨ ਗੇਲ ਨੇ ਪੰਜ ਚੌਕੇ ਅਤੇ ਦੋ ਛੱਕੇ ਵੀ ਲਗਾਏ। ਇਸ ਤੋਂ ਇਲਾਵਾ ਮਯੰਕ ਅਗਰਵਾਲ ਨੇ 20 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਇਕ ਛੱਕੇ ਦੀ ਬਦੌਲਤ 25 ਦੌੜਾਂ ਬਣਾਈਆਂ ਸਨ। ਉੱਥੇ ਹੀ ਪੰਜਾਬ ਕਿੰਗਜ਼ ਲਈ ਨੌਜਵਾਨ ਲੈੱਗ ਸਪਿਨਰ ਰਵੀ ਬਿਸ਼ਨੋਈ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕੀਤੀ। ਸੀਜਨ ਦੇ ਪਹਿਲੇ ਮੈਚ ਵਿੱਚ ਰਵੀ ਨੇ ਆਪਣੇ ਚਾਰ ਓਵਰਾਂ ਵਿੱਚ ਸਿਰਫ 21 ਦੌੜਾਂ ਦਿੱਤੀਆਂ ਅਤੇ ਦੋ ਮਹੱਤਵਪੂਰਨ ਵਿਕਟਾਂ ਲਈਆਂ।
ਇਹ ਵੀ ਦੇਖੋ : ਬੇਅਦਬੀ ਦੇ ਮੁੱਦੇ ‘ਤੇ ਆਪਣੀ ਸਰਕਾਰ ਨੂੰ ਘੇਰ ਰਹੇ ਸਿੱਧੂ, ਕਾਂਗਰਸ ‘ਚ ਪਿਆ ਕਲੇਸ਼, ਕੀ ਹੋਵੇਗਾ ਅੱਗੇ ?