WHO chief on Covid surge: ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਸੁਨਾਮੀ ਆ ਗਈ ਹੈ । ਜਿਸ ਕਾਰਨ ਭਾਰਤ ਵਿੱਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਹਸਪਤਾਲਾਂ ਵਿੱਚ ਬੈੱਡਾਂ ਅਤੇ ਆਕਸੀਜਨ ਦੀ ਘਾਟ ਕਾਰਨ ਮਰੀਜ਼ ਦਮ ਤੋੜ ਰਹੇ ਹਨ। ਚਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ। ਭਾਰਤ ਦੀ ਮੌਜੂਦਾ ਸਥਿਤੀ ‘ਤੇ ਹੁਣ ਵਿਸ਼ਵ ਸਿਹਤ ਸੰਗਠਨ (WHO) ਦਾ ਬਿਆਨ ਆਇਆ ਹੈ। WHO ਦੇ ਚੀਫ ਟੇਡਰੋਸ ਅਡਾਨੋਮ ਨੇ ਕਿਹਾ ਹੈ ਕਿ ਭਾਰਤ ਦੀ ਸਥਿਤੀ ਬਹੁਤ ਖ਼ਰਾਬ ਹੋ ਗਈ ਹੈ। ਇਹ ਹਾਲਾਤ ਦਿਲ ਤੋੜਨ ਵਾਲੇ ਹਨ।
ਟੇਡਰੋਸ ਨੇ ਕਿਹਾ ਹੈ ਕਿ ਭਾਰਤ ਦੀ ਸਥਿਤੀ ਹੁਣ ਬਹੁਤ ਨਾਜ਼ੁਕ ਹੋ ਗਈ ਹੈ । ਅਸੀਂ ਕਿਸੇ ਸਥਿਤੀ ਲਈ ਕਹਿੰਦੇ ਹਾਂ ਕਿ ਇਹ ਦੁਖਦਾਈ ਹੈ, ਪਰ ਭਾਰਤ ਵਿੱਚ ਸਥਿਤੀ ਅੱਜ ਵੀ ਬਦਤਰ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦੇਸ਼ ਹਾਲੇ ਵੀ ਕੋਰੋਨਾ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ, ਪਰ ਭਾਰਤ ਦੀ ਸਥਿਤੀ ਦਿਲ ਦਹਿਲਾ ਦੇਣ ਵਾਲੀ ਹੈ।”
ਇਸ ਦੇ ਨਾਲ ਹੀ WHO ਮੁਖੀ ਨੇ ਭਾਰਤ ਵਿੱਚ ਕੋਰਨਾ ਵਾਇਰਸ ਦੇ ਤਾਜ਼ਾ ਵੱਧ ਰਹੇ ਮਾਮਲਿਆਂ ‘ਤੇ ਕਿਹਾ ਕਿ ਸੰਯੁਕਤ ਰਾਸ਼ਟਰ ਏਜੰਸੀ ਨੇ ਬਹੁਤ ਸਾਰੀਆਂ ਆਕਸੀਜਨ ਮਸ਼ੀਨਾਂ ਸਮੇਤ ਭਾਰਤ ਵਿੱਚ ਮਹੱਤਵਪੂਰਣ ਸਮੱਗਰੀ ਦੀ ਸਪਲਾਈ ਕੀਤੀ ਹੈ। WHO ਮੁਖੀ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮਹਾਂਮਾਰੀ ਵਿਸ਼ਵ ਪੱਧਰ ‘ਤੇ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ WHO ਨੇ ਸੰਕਟ ਨਾਲ ਨਜਿੱਠਣ ਵਿੱਚ ਭਾਰਤ ਦੀ ਸਹਾਇਤਾ ਲਈ 2 ਹਜ਼ਾਰ ਤੋਂ ਵੱਧ ਜਵਾਨ ਤਾਇਨਾਤ ਕੀਤੇ ਹਨ ਅਤੇ ਇਹ ਟੀਕਾਕਰਨ ਸਮੇਤ ਵੱਖ-ਵੱਖ ਕੋਸ਼ਿਸ਼ਾਂ ਵਿੱਚ ਅਧਿਕਾਰੀਆਂ ਦੀ ਮਦਦ ਕਰ ਰਿਹਾ ਹੈ।