Asaduddin Owaisi slams PM Modi: ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਬੇਕਾਬੂ ਹੋਣ ਤੋਂ ਬਾਅਦ AIMIM ਦੇ ਮੁਖੀ ਅਤੇ ਹੈਦਰਾਬਾਦ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਮੋਦੀ ਸਰਕਾਰ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ । ਓਵੈਸੀ ਨੇ ਕਿਹਾ ਕਿ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਨੂੰ ਕਾਬੂ ਵਿੱਚ ਨਾ ਕਰਨ ਲਈ ਸਿਰਫ ਅਤੇ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਿੰਮੇਵਾਰ ਹਨ । ਓਵੈਸੀ ਨੇ ਕਿਹਾ, “ਪਿਛਲੇ ਸਾਲ ਤੁਸੀਂ ਲੋਕਾਂ ਨੂੰ ਥਾਲੀ ਵਜਾਉਣ, ਤਾੜੀ ਵਜਾਉਣ ਲਈ ਕਿਹਾ ਸੀ । ਉਸ ਨਾਲ ਕੀ ਹੋਇਆ । ਕੀ ਦੇਸ਼ ਤੋਂ ਕੋਰੋਨਾ ਭੱਜ ਗਿਆ?”
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਹਸਪਤਾਲਾਂ ਵਿੱਚ ਸਹੂਲਤਾਂ ਕਿਉਂ ਨਹੀਂ ਵਧਾਈਆਂ? ਕੀ ਕੇਂਦਰ ਸਰਕਾਰ ਉਸ ਸਮੇਂ ਸੁੱਤੀ ਪਈ ਸੀ, ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਆਕਸੀਜਨ ਦੀ ਘਾਟ ਕਿਉਂ ਹੋ ਗਈ ਹੈ? ਜੇ ਅਸੀਂ ਸਵੈ-ਨਿਰਭਰ ਭਾਰਤ ਵਿੱਚ ਹਾਂ ਤਾਂ ਅਸੀਂ ਸਾਊਦੀ ਅਰਬ, ਰੂਸ ਅਤੇ ਹੋਰ ਦੇਸ਼ਾਂ ਤੋਂ ਮਦਦ ਲੈ ਰਹੇ ਹਾਂ। ਓਵੈਸੀ ਨੇ ਕਿਹਾ, ‘ਮ੍ਰਿਤਕਾਂ ਨੂੰ ਦਫ਼ਨਾਇਆ ਜਾ ਰਿਹਾ ਹੈ । ਲਾਸ਼ਾਂ ਸਾੜੀਆਂ ਜਾ ਰਹੀਆਂ ਹਨ ਅਤੇ ਮੋਦੀ ਸਰਕਾਰ ਨੂੰ ਖੂਨ ਦੀ ਖੁਸ਼ਬੂ ਆ ਰਹੀ ਹੈ । ਮੋਦੀ ਸਰਕਾਰ ਅਦਿੱਖ ਹੋ ਗਈ ਹੈ ।’ ਓਵੈਸੀ ਨੇ ਕਿਹਾ ਕਿ ਜੇ ਸਾਡੇ ਕੋਲ MP ਫੰਡ ਹੁੰਦਾ ਤਾਂ ਲੋਕਾਂ ਨੂੰ ਆਕਸੀਜਨ ਜਾਂ ਦਵਾਈਆਂ ਦੇ ਸਕਦੇ ਸੀ, ਪਰ ਹੁਣ ਕੁਝ ਵੀ ਨਹੀਂ ਹੈ।
ਉਨ੍ਹਾਂ ਨੇ ਮੰਗ ਕੀਤੀ ਕਿ ਮੋਦੀ ਸਰਕਾਰ ਨੂੰ ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿਚੋਂ ਪੈਸਾ ਕਢਵਾ ਕੇ ਰਾਜ ਸਰਕਾਰਾਂ ਨੂੰ ਦੇਣਾ ਚਾਹੀਦਾ ਹੈ, ਤਾਂ ਜੋ ਉਹ ਕੋਰੋਨਾ ਟੀਕਾਕਰਨ ਨੂੰ ਤੇਜ਼ ਕਰ ਸਕਣ । ਇਸ ਤੋਂ ਇਲਾਵਾ ਓਵੈਸੀ ਨੇ ਸਵਾਲ ਚੁੱਕਿਆ ਕਿ ਇਨ੍ਹੀਂ ਦਿਨੀਂ ਦੇਸ਼ ਵਿੱਚ ਕੋਰੋਨਾ ਟੀਕੇ ਦੀ ਘਾਟ ਹੋਣ ਦੀ ਗੱਲ ਹੋ ਰਹੀ ਹੈ । ਜੇ ਇਹ ਸਥਿਤੀ ਹੈ, ਤਾਂ ਫਾਈਜ਼ਰ ਨੂੰ ਭਾਰਤ ਵਿੱਚ ਟੀਕਾ ਲਾਂਚ ਕਰਨ ਲਈ ਪਹਿਲਾਂ ਇਜਾਜ਼ਤ ਕਿਉਂ ਨਹੀਂ ਦਿੱਤੀ ਗਈ? ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਆਕਸੀਜਨ ਦੀ ਵੱਡੀ ਘਾਟ ਹੈ । ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਮਨ ਕੀ ਬਾਤ ਪ੍ਰੋਗਰਾਮ ਵਿੱਚ ਆਕਸੀਜਨ ਦਾ ਸਿਰਫ ਇੱਕ ਵਾਰ ਜ਼ਿਕਰ ਕਿਉਂ ਕੀਤਾ?