lockdown rules break: ਪੰਜਾਬ ਸਰਕਾਰ ਦੇ ਆਦੇਸ਼ ਉੱਤੇ ਜ਼ਿਲ੍ਹਾ ਮੋਗਾ ਵਿੱਚ ਵੀ ਤਾਲਾਬੰਦੀ ਦੇ ਹੁਕਮ ਲਾਗੂ ਕੀਤੇ ਗਏ ਹਨ। ਇਹਨਾਂ ਹੁਕਮਾਂ ਦੀ ਉਲੰਘਣਾ ਕਰਕੇ ਕਬੂਤਰਾਂ ਦੀ ਬਾਜ਼ੀ ਕਰਾਉਣ ਦੇ ਦੋਸ਼ ਵਿੱਚ ਪਿੰਡ ਮਹੇਸ਼ਵਰੀ ਸੰਧੂਆਂ ਦੇ 6 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਮੋਗਾ ਪੁਲਿਸ ਵੱਲੋਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰ ਹਰਮਨ ਬੀਰ ਸਿੰਘ ਗਿੱਲ ਨੇ ਕਿਹਾ ਕਿ ਮੋਗਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਮਹੇਸ਼ਵਰੀ ਸੰਧੂਆਂ ਵਿਖੇ ਕੁਝ ਵਿਅਕਤੀਆਂ ਵੱਲੋਂ ਕਬੂਤਰਾਂ ਦੀ ਬਾਜ਼ੀ ਕਰਵਾਈ ਜਾ ਰਹੀ ਹੈ। ਇਸ ਉੱਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਕਰਵਾਈ ਕਰਦਿਆਂ ਮੌਕੇ ਉੱਤੇ ਜਾ ਕੇ ਦੇਖਿਆ ਗਿਆ ਤਾਂ ਉਥੇ 300 ਤੋਂ ਵੱਧ ਲੋਕ ਇਕੱਠੇ ਹੋਏ ਸਨ। ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬਾਜ਼ੀ ਦਾ ਪ੍ਰਬੰਧ ਕਰਨ ਵਾਲੇ ਪਿੰਡ ਮਹੇਸ਼ਵਰੀ ਸੰਧੂਆਂ ਦੇ ਸੁਖਜਿੰਦਰ ਸਿੰਘ ਪੁੱਤਰ ਮੋਦਨ ਸਿੰਘ, ਵਿੱਕੀ ਪੁੱਤਰ ਰਾਜਿੰਦਰ ਕੁਮਾਰ, ਸੁੱਖਾ ਪੇਂਟਰ, ਇਕਬਾਲ ਸਿੰਘ ਪੁੱਤਰ ਸੁਰਜਨ ਸਿੰਘ, ਸਤਨਾਮ ਸਿੰਘ ਪੁੱਤਰ ਮੁਖਤਿਆਰ ਸਿੰਘ ਅਤੇ ਸੋਨੀ ਪੁੱਤਰ ਮੇਜਰ ਸਿੰਘ ਖਿਲਾਫ਼ ਥਾਣਾ ਸਦਰ ਮੋਗਾ ਵਿਖੇ ਆਪਦਾ ਪ੍ਰਬੰਧਨ ਐਕਟ 2005 ਦੀਆਂ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਉਹਨਾਂ ਕਿਹਾ ਕਿ ਇਸ ਗ੍ਰਿਫ਼ਤਾਰੀ ਤੋਂ ਬਾਅਦ ਕੁਝ ਅਖੌਤੀ ਆਗੂਆਂ ਨੇ ਪੁਲਿਸ ਸਟੇਸ਼ਨ ਦੇ ਬਾਹਰ ਧਰਨਾ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਸੀ। ਅਜਿਹੀਆਂ ਘਟਨਾਵਾਂ ਨੂੰ ਮੋਗਾ ਪੁਲਿਸ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਦੀ ਪਹਿਲ ਲੋਕਾਂ ਦੀ ਜਾਨ ਬਚਾਉਣ ਦੀ ਹੈ। ਇਸ ਕਰਕੇ ਯੂਨੀਅਨਾਂ ਅਤੇ ਲੀਡਰ ਆਪਣੀ ਫੋਕੀ ਰਾਜਨੀਤੀ ਚਮਕਾਉਣ ਤੋਂ ਬਾਜ ਆਉਣ। ਅਜਿਹੇ ਮਾਮਲਿਆਂ ਵਿੱਚ ਕੋਈ ਵੀ ਸ਼ਿਫਾਰਿਸ਼ ਜਾਂ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਰੋਨਾ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਬਕਾਇਦਾ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਹਨਾਂ ਦੀ ਪਾਲਣਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ। ਉਹਨਾਂ ਕਿਹਾ ਕਿ ਜਿਹੜਾ ਵੀ ਵਿਅਕਤੀ ਇਹਨਾਂ ਦੀ ਪਾਲਣਾ ਨਹੀਂ ਕਰੇਗਾ ਉਸ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਬਿਮਾਰੀ ਖਿਲਾਫ਼ ਲੜੀ ਜਾ ਰਹੀ ਵਿਸ਼ਵ ਵਿਆਪੀ ਜੰਗ ਵਿੱਚ ਮੋਗਾ ਪੁਲਿਸ ਦਾ ਸਹਿਯੋਗ ਕਰਨ। ਉਹਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਨੂੰ ਸਫ਼ਲ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ।