ਰਾਗੁ ਸੂਹੀ ਛੰਤ ਮਹਲਾ ੪ ਘਰੁ ੩
ੴ ਸਤਿਗੁਰ ਪ੍ਰਸਾਦਿ ॥
ਆਵਹੋ ਸੰਤ ਜਨਹੁ ਗੁਣ ਗਾਵਹ ਗੋਵਿੰਦ ਕੇਰੇ ਰਾਮ ॥ ਗੁਰਮੁਖਿ ਮਿਲਿ ਰਹੀਐ ਘਰਿ ਵਾਜਹਿ ਸਬਦ ਘਨੇਰੇ ਰਾਮ ॥ ਸਬਦ ਘਨੇਰੇ ਹਰਿ ਪ੍ਰਭ ਤੇਰੇ ਤੂ ਕਰਤਾ ਸਭ ਥਾਈ ॥ ਅਹਿਨਿਸਿ ਜਪੀ ਸਦਾ ਸਾਲਾਹੀ ਸਾਚ ਸਬਦਿ ਲਿਵ ਲਾਈ ॥ ਅਨਦਿਨੁ ਸਹਜਿ ਰਹੈ ਰੰਗਿ ਰਾਤਾ ਰਾਮ ਨਾਮੁ ਰਿਦ ਪੂਜਾ ॥ ਨਾਨਕ ਗੁਰਮੁਖਿ ਏਕੁ ਪਛਾਣੈ ਅਵਰੁ ਨ ਜਾਣੈ ਦੂਜਾ ॥੧॥ ਸਭ ਮਹਿ ਰਵਿ ਰਹਿਆ ਸੋ ਪ੍ਰਭੁ ਅੰਤਰਜਾਮੀ ਰਾਮ ॥ ਗੁਰ ਸਬਦਿ ਰਵੈ ਰਵਿ ਰਹਿਆ ਸੋ ਪ੍ਰਭੁ ਮੇਰਾ ਸੁਆਮੀ ਰਾਮ ॥ ਪ੍ਰਭੁ ਮੇਰਾ ਸੁਆਮੀ ਅੰਤਰਜਾਮੀ ਘਟਿ ਘਟਿ ਰਵਿਆ ਸੋਈ ॥ਗੁਰਮਤਿ ਸਚੁ ਪਾਈਐ ਸਹਜਿ ਸਮਾਈਐ ਤਿਸੁ ਬਿਨੁ ਅਵਰੁ ਨ ਕੋਈ ॥ ਸਹਜੇ ਗੁਣ ਗਾਵਾ ਜੇ ਪ੍ਰਭ ਭਾਵਾ ਆਪੇ ਲਏ ਮਿਲਾਏ ॥ ਨਾਨਕ ਸੋ ਪ੍ਰਭੁ ਸਬਦੇ ਜਾਪੈ ਅਹਿਨਿਸਿ ਨਾਮੁ ਧਿਆਏ ॥੨॥ ਇਹੁ ਜਗੋ ਦੁਤਰੁ ਮਨਮੁਖੁ ਪਾਰਿ ਨ ਪਾਈ ਰਾਮ ॥ ਅੰਤਰੇ ਹਉਮੈ ਮਮਤਾ ਕਾਮੁ ਕ੍ਰੋਧੁ ਚਤੁਰਾਈ ਰਾਮ ॥ ਅੰਤਰਿ ਚਤੁਰਾਈ ਥਾਇ ਨ ਪਾਈ ਬਿਰਥਾ ਜਨਮੁ ਗਵਾਇਆ ॥ ਜਮ ਮਗਿ ਦੁਖੁ ਪਾਵੈ ਚੋਟਾ ਖਾਵੈ ਅੰਤਿ ਗਇਆ ਪਛੁਤਾਇਆ ॥ ਬਿਨੁ ਨਾਵੈ ਕੋ ਬੇਲੀ ਨਾਹੀ ਪੁਤੁ ਕੁਟੰਬੁ ਸੁਤੁ ਭਾਈ ॥ ਨਾਨਕ ਮਾਇਆ ਮੋਹੁ ਪਸਾਰਾ ਆਗੈ ਸਾਥਿ ਨ ਜਾਈ ॥੩॥ ਹਉ ਪੂਛਉ ਅਪਨਾ ਸਤਿਗੁਰੁ ਦਾਤਾ ਕਿਨ ਬਿਧਿ ਦੁਤਰੁ ਤਰੀਐ ਰਾਮ ॥ ਸਤਿਗੁਰ ਭਾਇ ਚਲਹੁ ਜੀਵਤਿਆ ਇਵ ਮਰੀਐ ਰਾਮ ॥ ਜੀਵਤਿਆ ਮਰੀਐ ਭਉਜਲੁ ਤਰੀਐ ਗੁਰਮੁਖਿ ਨਾਮਿ ਸਮਾਵੈ ॥ਪੂਰਾ ਪੁਰਖੁ ਪਾਇਆ ਵਡਭਾਗੀ ਸਚਿ ਨਾਮਿ ਲਿਵ ਲਾਵੈ ॥ ਮਤਿ ਪਰਗਾਸੁ ਭਈ ਮਨੁ ਮਾਨਿਆ ਰਾਮ ਨਾਮਿ ਵਡਿਆਈ ॥ ਨਾਨਕ ਪ੍ਰਭੁ ਪਾਇਆ ਸਬਦਿ ਮਿਲਾਇਆ ਜੋਤੀ ਜੋਤਿ ਮਿਲਾਈ ॥੪॥੧॥੪॥
ਰਾਗੁ ਸੂਹੀ ਛੰਤ ਮਹਲਾ ੪ ਘਰੁ ੩
ੴ ਸਤਿਗੁਰ ਪ੍ਰਸਾਦਿ ॥
ਹੇ ਸੰਤ ਜਨੋ ! ਆਓ, (ਸਾਧ ਸੰਗਤਿ ਵਿਚ ਮਿਲ ਕੇ) ਪਰਮਾਤਮਾ ਦੇ ਗੁਣ ਗਾਂਦੇ ਰਹੀਏ। (ਹੇ ਸੰਤ ਜਨੋ !) ਗੁਰੂ ਦੀ ਸਰਨ ਪੈ ਕੇ (ਪ੍ਰਭੂ-ਚਰਨਾਂ ਵਿਚ) ਜੁੜੇ ਰਹਿਣਾ ਚਾਹੀਦਾ ਹੈ (ਪ੍ਰਭੂ-ਚਰਨਾਂ ਵਿਚ ਜੁੜਨ ਦੀ ਬਰਕਤ ਨਾਲ) ਹਿਰਦੇ-ਘਰ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਆਪਣਾ ਪ੍ਰਭਾਵ ਪਾਈ ਰੱਖਦੇ ਹਨ। ਹੇ ਪ੍ਰਭੂ ! (ਜਿਉਂ ਜਿਉਂ) ਤੇਰੀ ਸਿਫ਼ਤਿ-ਸਾਲਾਹ ਦੇ ਸ਼ਬਦ (ਮਨੁੱਖ ਦੇ ਹਿਰਦੇ ਵਿਚ) ਪ੍ਰਭਾਵ ਪਾਂਦੇ ਹਨ, (ਤਿਉਂ ਤਿਉਂ ਤੂੰ) ਉਸ ਨੂੰ ਸਭ ਥਾਈਂ ਵੱਸਦਾ ਦਿੱਸਦਾ ਹੈਂ। (ਹੇ ਪ੍ਰਭੂ ! ਮੇਰੇ ਉੱਤੇ ਭੀ ਮਿਹਰ ਕਰ) ਮੈਂ ਦਿਨ ਰਾਤ ਤੇਰਾ ਨਾਮ ਜਪਦਾ ਰਹਾਂ, ਮੈਂ ਸਦਾ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਮੈਂ ਤੇਰੀ ਸਦਾ-ਥਿਰ ਸਿਫ਼ਤਿ-ਸਾਲਾਹ ਵਿਚ ਸੁਰਤ ਜੋੜੀ ਰੱਖਾਂ। ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੀ ਪੂਜਾ ਬਣਾਂਦਾ ਹੈ (ਭਾਵ, ਹਰ ਵੇਲੇ ਹਿਰਦੇ ਵਿਚ ਵਸਾਈ ਰੱਖਦਾ ਹੈ) ਉਹ ਮਨੁੱਖ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ। ਹੇ ਨਾਨਕ ! ਗੁਰੂ ਦੀ ਸਰਨ ਪੈ ਕੇ ਉਹ ਇਕ ਪ੍ਰਭੂ ਨਾਲ ਹੀ ਸਾਂਝ ਪਾਈ ਰੱਖਦਾ ਹੈ, ਕਿਸੇ ਹੋਰ ਦੂਜੇ ਨਾਲ ਡੂੰਘੀ ਸਾਂਝ ਨਹੀਂ ਪਾਂਦਾ ॥੧॥ਹੇ ਭਾਈ ! ਉਹ ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਅਤੇ ਸਭ ਜੀਵਾਂ ਵਿਚ ਵਿਆਪਕ ਹੈ। (ਪਰ ਜਿਹੜਾ ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਨੂੰ) ਸਿਮਰਦਾ ਹੈ, ਉਸ ਨੂੰ ਹੀ ਉਹ ਮਾਲਕ-ਪ੍ਰਭੂ (ਸਭ ਥਾਈਂ) ਵਿਆਪਕ ਦਿੱਸਦਾ ਹੈ। (ਉਸ ਮਨੁੱਖ ਨੂੰ ਹੀ ਇਹ ਨਿਸ਼ਚਾ ਬਣਦਾ ਹੈ ਕਿ) ਮਾਲਕ-ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਅਤੇ ਹਰੇਕ ਸਰੀਰ ਵਿਚ ਮੌਜੂਦ ਹੈ। ਹੇ ਭਾਈ ! ਗੁਰੂ ਦੀ ਮਤਿ ਉਤੇ ਤੁਰਿਆਂ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, (ਗੁਰੂ ਦੀ ਮਤਿ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਲੀਨ ਰਹਿ ਸਕੀਦਾ ਹੈ (ਅਤੇ ਇਹ ਨਿਸ਼ਚਾ ਬਣਦਾ ਹੈ ਕਿ ਕਿਤੇ ਭੀ) ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ। ਹੇ ਭਾਈ ! (ਪ੍ਰਭੂ ਦੀ ਆਪਣੀ ਹੀ ਮਿਹਰ ਨਾਲ) ਜੇ ਮੈਂ ਉਸ ਪ੍ਰਭੂ ਨੂੰ ਚੰਗਾ ਲੱਗ ਪਵਾਂ, ਤਾਂ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਉਸ ਦੇ ਗੁਣ ਗਾ ਸਕਦਾ ਹਾਂ, ਉਹ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ। ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਪ੍ਰਭੂ ਨਾਲ ਡੂੰਘੀ ਸਾਂਝ ਪੈ ਸਕਦੀ ਹੈ (ਜਿਹੜਾ ਮਨੁੱਖ ਸ਼ਬਦ ਵਿਚ) ਜੁੜਦਾ ਹੈ, (ਉਹ) ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੨॥ਹੇ ਭਾਈ ! ਇਹ ਜਗਤ (ਇਕ ਅਜਿਹਾ ਸਮੁੰਦਰ ਹੈ, ਜਿਸ ਤੋਂ) ਪਾਰ ਲੰਘਣਾ ਔਖਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਸ ਦੇ) ਪਾਰਲੇ ਪਾਸੇ ਨਹੀਂ ਪਹੁੰਚ ਸਕਦਾ,(ਕਿਉਂਕਿ ਉਸ ਦੇ) ਅੰਦਰ ਹੀ ਅਹੰਕਾਰ, ਅਸਲੀਅਤ ਦੀ ਲਾਲਸਾ, ਕਾਮ, ਕ੍ਰੋਧ, ਚਤੁਰਾਈ (ਆਦਿਕ ਭੈੜ) ਟਿਕੇ ਰਹਿੰਦੇ ਹਨ। ਹੇ ਭਾਈ! (ਜਿਸ ਮਨੁੱਖ ਦੇ) ਅੰਦਰ ਆਪਣੀ ਸਿਆਣਪ ਦਾ ਮਾਣ ਟਿਕਿਆ ਰਹਿੰਦਾ ਹੈ ਉਹ ਮਨੁੱਖ (ਪ੍ਰਭੂ-ਦਰ ਤੇ) ਪਰਵਾਨ ਨਹੀਂ ਹੁੰਦਾ, ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ। (ਉਹ ਮਨੁੱਖ ਸਾਰੀ ਉਮਰ) ਜਮਰਾਜ ਦੇ ਰਸਤੇ ਉਤੇ ਤੁਰਦਾ ਹੈ, ਦੁੱਖ ਸਹਾਰਦਾ ਹੈ, (ਆਤਮਕ ਮੌਤ ਦੀਆਂ) ਚੋਟਾਂ ਖਾਂਦਾ ਰਹਿੰਦਾ ਹੈ, ਅੰਤ ਵੇਲੇ ਇਥੋਂ ਹੱਥ ਮਲਦਾ ਜਾਂਦਾ ਹੈ। ਹੇ ਭਾਈ ! (ਜੀਵਨ-ਸਫ਼ਰ ਵਿਚ ਇੱਥੇ) ਪੁੱਤਰ, ਪਰਵਾਰ, ਭਰਾ-ਇਹਨਾਂ ਵਿਚੋਂ ਕੋਈ ਭੀ ਮਦਦਗਾਰ ਨਹੀਂ, ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਬੇਲੀ ਨਹੀਂ ਬਣਦਾ। ਹੇ ਨਾਨਕ ! ਇਹ ਸਾਰਾ ਮਾਇਆ ਦੇ ਮੋਹ ਦਾ (ਹੀ) ਖਿਲਾਰਾ ਹੈ, ਪਰਲੋਕ ਵਿਚ (ਭੀ ਮਨੁੱਖ ਦੇ) ਨਾਲ ਨਹੀਂ ਜਾਂਦਾ ॥੩॥ ਹੇ ਭਾਈ ! (ਜਦੋਂ) ਮੈਂ (ਨਾਮ ਦੀ) ਦਾਤ ਦੇਣ ਵਾਲੇ ਆਪਣੇ ਗੁਰੂ ਨੂੰ ਪੁੱਛਦਾ ਹਾਂ ਕਿ ਇਹ ਦੁੱਤਰ ਸੰਸਾਰ-ਸਮੁੰਦਰ ਕਿਸ ਤਰੀਕੇ ਨਾਲ ਲੰਘਿਆ ਜਾ ਸਕਦਾ ਹੈ? (ਤਾਂ ਅੱਗੋਂ ਉੱਤਰ ਮਿਲਦਾ ਹੈ ਕਿ) ਗੁਰੂ ਦੀ ਰਜ਼ਾ ਵਿਚ (ਜੀਵਨ-ਤੋਰ) ਤੁਰਦੇ ਰਹੋ, ਇਸ ਤਰ੍ਹਾਂ ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ ਵਿਕਾਰਾਂ ਵਲੋਂ ਬਚੇ ਰਹੀਦਾ ਹੈ। (ਗੁਰੂ ਦੀ ਰਜ਼ਾ ਵਿਚ ਤੁਰਿਆਂ) ਦੁਨੀਆ ਦੀ ਕਾਰ ਕਰਦਿਆਂ ਵਿਕਾਰਾਂ ਵਲੋਂ ਮਰੇ ਰਹੀਦਾ ਹੈ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। (ਕਿਉਂਕਿ) ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ। ਉਸ ਨੂੰ ਵੱਡੀ ਕਿਸਮਤ ਨਾਲ ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ ਮਿਲ ਪੈਂਦਾ ਹੈ, ਸਦਾ-ਥਿਰ ਹਰਿ-ਨਾਮ ਵਿਚ ਉਹ ਸੁਰਤ ਜੋੜੀ ਰੱਖਦਾ ਹੈ। ਉਸ ਦੀ ਮਤਿ ਵਿਚ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋ ਜਾਂਦਾ ਹੈ, ਉਸ ਦਾ ਮਨ ਨਾਮ ਵਿਚ ਪਤੀਜ ਜਾਂਦਾ ਹੈ, ਉਸ ਨੂੰ ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ। ਹੇ ਨਾਨਕ ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਪ੍ਰਭੂ ਮਿਲ ਪੈਂਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਇਕ-ਮਿਕ ਹੋਈ ਰਹਿੰਦੀ ਹੈ ॥੪॥੧॥੪॥
Raag Soohee, Chhant, Fourth Mehl, Third House:
One Universal Creator God. By The Grace Of The True Guru:
Come, humble Saints, and sing the Glorious Praises of the Lord of the Universe.Let us gather together as Gurmukh; within the home of our own heart, the Shabad vibrates and resonates.The many melodies of the Shabad are Yours, O Lord God; O Creator Lord, You are everywhere.Day and night, I chant His Praises forever, lovingly focusing on the True Word of the Shabad.Night and day, I remain intuitively attuned to the Lord’s Love; in my heart, I worship the Lord’s Name.O Nanak, as Gurmukh, I have realized the One Lord; I do not know any other. ||1||He is contained amongst all; He is God, the Inner-knower, the Searcher of hearts.One who meditates and dwells upon God, through the Word of the Guru’s Shabad, knows that God, my Lord and Master, is pervading everywhere.God, my Lord and Master, is the Inner-knower, the Searcher of hearts; He pervades and permeates each and every heart.Through the Guru’s Teachings, Truth is obtained, and then, one merges in celestial bliss. There is no other than Him.I sing His Praises with intuitive ease. If it pleases God, He shall unite me with Himself.O Nanak, through the Shabad, God is known; meditate on the Naam, day and night. ||2||This world is treacherous and impassable; the self-willed manmukh cannot cross over.Within him is egotism, self-conceit, sexual desire, anger and cleverness.Within him is cleverness; he is not approved, and his life is uselessly wasted and lost.On the Path of Death, he suffers in pain, and must endure abuse; in the end, he departs regretfully.Without the Name, he has no friends, no children, family or relatives. O Nanak, the wealth of Maya, attachment and ostentatious shows – none of them shall go along with him to the world hereafter. ||3|| I ask my True Guru, the Giver, how to cross over the treacherous and difficult world-ocean.Walk in harmony with the True Guru’s Will, and remain dead while yet alive.Remaining dead while yet alive, cross over the terrifying world-ocean; as Gurmukh, merge in the Naam.One obtains the Perfect Primal Lord, by great good fortune, lovingly focusing on the True Name.The intellect is enlightened, and the mind is satisfied, through the glory of the Lord’s Name.O Nanak, God is found, merging in the Shabad, and one’s light blends into the Light. ||4||1||4||