Shoaib Akhtar on corona crisis: ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਅਪੀਲ ਕੀਤੀ ਹੈ ਕਿ ਭਾਰਤ ਵਿੱਚ ਜਾਰੀ ਇੰਡੀਅਨ ਪ੍ਰੀਮੀਅਰ ਲੀਗ ਕੋਰੋਨਾ ਵਾਇਰਸ ਕਾਰਨ ਮੁਲਤਵੀ ਕੀਤੀ ਜਾਵੇ । ਕੋਰੋਨਾ ਵਾਇਰਸ ਕਾਰਨ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਲੋਕ ਪੀੜਤ ਹਨ ਅਤੇ ਇਸ ਨਾਲ ਜੁੜੇ ਕੇਸ ਲਗਾਤਾਰ ਵੱਧ ਰਹੇ ਹਨ। ਸਿਰਫ ਇਹ ਹੀ ਨਹੀਂ, ਹਰ ਰੋਜ਼ ਬਹੁਤ ਸਾਰੇ ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਅਜਿਹੀ ਸਥਿਤੀ ਵਿੱਚ IPL ਦੇ ਆਯੋਜਨ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਆਪਣੀ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਗਈ ਹੈ । ਇਸ ਕੜੀ ਵਿੱਚ ਸ਼ੋਏਬ ਅਖਤਰ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਅਤੇ ਆਈਪੀਐਲ ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ।
ਇਸ ਤੋਂ ਅੱਗੇ ਅਖਤਰ ਨੇ ਵੀਡੀਓ ਵਿੱਚ ਕਿਹਾ ਕਿ ਇਸ ਸਮੇਂ ਭਾਰਤ ਦੀ ਸਥਿਤੀ ਬਹੁਤ ਖਰਾਬ ਹੈ, ਇਸ ਦੇ ਮੱਦੇਨਜ਼ਰ ਆਈਪੀਐਲ ਦੇ ਬਾਕੀ ਮੈਚਾਂ ਨੂੰ ਮੁਲਤਵੀ ਕਰ ਦੇਣਾ ਚਾਹੀਦਾ ਹੈ। ਆਈਪੀਐਲ ਵਿੱਚ ਜੋ ਵੀ ਪੈਸਾ ਖਰਚ ਕੀਤਾ ਜਾ ਰਿਹਾ ਹੈ, ਉਨ੍ਹਾਂ ਨਾਲ ਆਕਸੀਜਨ ਸਿਲੰਡਰ ਖਰੀਦੇ ਜਾਣੇ ਚਾਹੀਦੇ ਹਨ। ਉਨ੍ਹਾਂ ਨੇ IPL ਦੇ ਨਾਲ-ਨਾਲ ਪਾਕਿਸਤਾਨ ਸੁਪਰ ਲੀਗ ਨੂੰ ਰੱਦ ਕਰਨ ਦੀ ਵੀ ਗੱਲ ਕੀਤੀ । ਅਖਤਰ ਨੇ ਕਿਹਾ, “ਜਦੋਂ ਕਿਸੇ ਦੇਸ਼ ਵਿੱਚ ਅਜਿਹੇ ਹਾਲਤ ਹਨ ਤਾਂ ਅਜਿਹਾ ਮਨੋਰੰਜਨ ਨਹੀਂ ਚਾਹੀਦਾ, ਸਾਨੂੰ IPL ਅਤੇ PSL ਨਹੀਂ ਚਾਹੀਦਾ।”
ਇਸ ਤੋਂ ਇਲਾਵਾ ਅਖਤਰ ਨੇ ਅੱਗੇ ਕਿਹਾ, ‘ਇਸ ਮੁਸ਼ਕਿਲ ਸਮੇਂ ਵਿੱਚ ਸਾਨੂੰ ਲੋਕਾਂ ਦੀ ਜਾਨ ਬਚਾਉਣ ਲਈ ਸੋਚਣਾ ਚਾਹੀਦਾ ਹੈ । ਇਸ ਤਰ੍ਹਾਂ ਦੇ ਵੱਡੇ ਕ੍ਰਿਕਟ ਟੂਰਨਾਮੈਂਟ ਵਿੱਚ ਖਰਚੀ ਜਾਣ ਵਾਲੀ ਰਕਮ ਨੂੰ ਆਕਸੀਜਨ ਸਿਲੰਡਰ ਦੀ ਸਪਲਾਈ ਲਈ ਖਰਚ ਕੀਤਾ ਜਾਣਾ ਚਾਹੀਦਾ ਹੈ। ਇਸ ਸਮੇਂ ਭਾਰਤ ਜਲ ਰਿਹਾ ਹੈ, ਆਈਪੀਐਲ ਦਾ ਆਯੋਜਨ ਕਰਨ ਦੀ ਬਜਾਏ ਇਸ ਨੂੰ ਮੁਲਤਵੀ ਕਰ ਦੇਣਾ ਚਾਹੀਦਾ ਹੈ।’ ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਵਿੱਚ ਜੂਨ ਵਿੱਚ PSL ਨੂੰ ਵੀ ਮੁਲਤਵੀ ਕੀਤਾ ਜਾਣਾ ਚਾਹੀਦਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਖਤਰ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਕੋਰੋਨਾ ਵਾਇਰਸ ਨਾਲ ਜੰਗ ਲੜ ਰਹੇ ਭਾਰਤ ਦੀ ਮਦਦ ਲਈ ਅੱਗੇ ਆਉਣ । ਉਨ੍ਹਾਂ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਕਾਰਨ ਭਾਰਤ ਦੀ ਹਾਲਤ ਖ਼ਰਾਬ ਹੈ । ਉੱਥੇ ਆਕਸੀਜਨ ਦੀ ਵੱਡੀ ਘਾਟ ਹੋ ਗਈ ਹੈ। ਅਜਿਹੀ ਸਥਿਤੀ ਵਿੱਚ ਲੋਕ ਦਿਲ ਖੋਲ੍ਹ ਕੇ ਭਾਰਤ ਦੀ ਮਦਦ ਕਰਨ।