guru tegh bahadur sahib prakash purab events: ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ ਪੁਰਬ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ।ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ, ਜਿਸ ਮਗਰੋਂ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ ਹੋਈ।ਪਹਿਲੇ ਦਿਨ ਦੇ ਸਮਾਗਮਾਂ ਤਹਿਤ ਸੰਗਤਾਂ ਵਲੋਂ ਕੀਤੇ ਗਏ 20 ਹਜ਼ਾਰ ਸਹਿਜ ਪਾਠਾਂ ਦੇ ਭੋਗ ਪਾਏ ਗਏ।ਕੋਰੋਨਾ ਦੇ ਚੱਲਦਿਆਂ ਸਮਾਗਮ ਸੰਕੇਤਕ ਰੂਪ ‘ਚ ਸਜਾਏ ਗਏ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸ਼ੁਰੂ ਹੋਏ ਸਮਾਗਮਾਂ ਤਹਿਤ ਭਲਕੇ 30 ਅਪ੍ਰੈਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਨਗਰ ਕੀਰਤਨ ਸਜਾਇਆ ਜਾਵੇਗਾ। ਇਹ ਨਗਰ ਕੀਰਤਨ ਦੁਪਹਿਰ 12 ਵਜੇ ਆਰੰਭ ਹੋਵੇਗਾ। ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਜਾਰੀ ਰਹਿਣਗੇ। ਸ਼ਤਾਬਦੀ ਵਾਲੇ ਦਿਨ 1 ਮਈ ਨੂੰ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸਮਾਗਮ ਹੋਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼ਤਾਬਦੀ ਦੇ ਸਮਾਗਮਾਂ ਨੂੰ ਕੋਰੋਨਾ ਕਾਰਨ ਸੰਖੇਪ ਰੂਪ ਵਿਚ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ਼ਤਾਬਦੀ ਦਿਹਾੜੇ ਮੌਕੇ ਹੋਣ ਵਾਲੇ ਸਮਾਗਮਾਂ ਨਾਲ ਸੰਗਤ ਨੂੰ ਜੋੜਨ ਲਈ ਵੱਖ-ਵੱਖ ਚੈਨਲਾਂ ’ਤੇ ਸਿੱਧੇ ਪ੍ਰਸਾਰਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਵੱਡੇ ਪੱਧਰ ’ਤੇ ਸਮਾਗਮ ਨਹੀਂ ਕੀਤੇ ਜਾ ਸਕੇ ਪਰ ਸੰਗਤਾਂ ਦੀ ਸ਼ਰਧਾ ਦਾ ਵੱਡਾ ਮਹੱਤਵ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਸੰਗਤਾਂ ਗੁਰੂ ਸਾਹਿਬ ਨੂੰ ਸ਼ਰਧਾ ਭੇਟ ਕਰਨ ਲਈ ਪੁੱਜਣਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ। ਇਕ ਦਿਨ ਦੀ ਤਾਲਾਬੰਦੀ ਵਿਚ ਛੋਟ ਦੇਣ ਲਈ ਵੀ ਸਰਕਾਰ ਨੂੰ ਵਿਚਾਰ ਕਰਨੀ ਚਾਹੀਦੀ ਹੈ।
400 ਸਾਲਾ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਗੁਰੂ ਕੇ ਮਹਿਲ ਨੂੰ ਸੁੰਦਰ ਦੀਪਮਾਲਾ ਨਾਲ ਰੁਸ਼ਨਾਇਆ ਗਿਆ ਹੈ ਅਤੇ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਦੀ ਸਜਾਵਟ ਸੰਗਤ ਦਾ ਮਨ ਮੋਹ ਰਹੀ ਹੈ। ਇਸ ਦੇ ਨਾਲ ਹੀ ਸ਼ਹਿਰ ਅੰਦਰ ਸਜਾਵਟੀ ਗੇਟ ਅਤੇ ਕੇਸਰੀ ਝੰਡੀਆਂ ਵੀ ਲਗਾਈਆਂ ਹੋਈਆਂ ਹਨ। ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸ਼੍ਰੋਮਣੀ ਕਮੇਟੀ ਦੇ ਨਾਲ-ਨਾਲ ਕਾਰਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸੰਗਤ ਲਈ ਲੰਗਰ ਲਗਾਏ ਗਏ ਹਨ। ਇਸ ਇਤਿਹਾਸਕ ਪੁਰਬ ਮੌਕੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਭੋਰਾ ਸਾਹਿਬ ਨੂੰ ਖ਼ੂਬਸੂਰਤ ਦਿੱਖ ਦਿੱਤੀ ਗਈ ਹੈ, ਜਿਸ ਦੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ ਮਹਾਂਪੁਰਖਾਂ ਨੇ ਕਰਵਾਈ ਹੈ।