Mansa couple murder: ਮਾਨਸਾ ਦੇ ਪਿੰਡ ਬਛੂਆਣਾ ਚ ਰਹਿੰਦੇ ਬਜ਼ੁਰਗ ਮੀਆਂ ਬੀਬੀ ਦੇ ਘਰ ਦਾਖਲ ਹੋ ਕੇ ਦੇਰ ਰਾਤ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਬਜ਼ੁਰਗ ਮਹਿਲਾ ਦੀ ਮੌਕੇ ਤੇ ਮੌਤ ਹੋ ਗਈ, ਜਦੋਂ ਕਿ ਉਸਦਾ ਪਤੀ ਗੰਭੀਰ ਸੱਟਾ ਲੱਗਣ ਕਾਰਨ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਜਿਸ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ। ਇਸ ਮਾਮਲੇ ਚ ਥਾਣਾ ਸਦਰ ਬੁਢਲਾਡਾ ਦੀ ਪੁਲਿਸ ਨੇ ਲਾਸ਼ ਨੂੰ ਕਬਜੇ ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬੁਢਲਾਡਾ ਭੇਜ ਦਿੱਤਾ ਹੈ ਅਤੇ ਅਣਪਛਾਤੇ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰਨ ਦੀ ਗੱਲ ਕਹੀ ਹੈ।
ਮਾਨਸਾ ਦੇ ਪਿੰਡ ਬਛੂਆਣਾ ਦੇ ਵਸਨੀਕ ਨਾਇਬ ਸਿੰਘ (57 ਸਾਲ) ਅਤੇ ਉਸਦੀ ਪਤਨੀ ਬਲਦੇਵ ਕੌਰ (55 ਸਾਲ) ਤੇ ਬੀਤੀ ਰਾਤ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ। ਜਿਸ ਵਿੱਚ ਬਲਦੇਵ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਨਾਇਬ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਵੱਲੋ ਬਜ਼ੁਰਗ ਦੀ ਹਾਲਤ ਗੰਭੀਰ ਹੋਣ ‘ਤੇ ਉਸਨੂੰ ਪਟਿਆਲਾ ਰੈਫਰ ਕੀਤਾ ਹੈ। ਨਾਇਬ ਸਿੰਘ ਦੇ ਭਰਾ ਅਜੈਬ ਸਿੰਘ ਨੇ ਦੱਸਿਆ ਕਿ ਜਦੋਂ ਉਹ ਰਾਤ ਨੂੰ ਰੌਲਾ ਸੁਣਕੇ ਜਾਗਿਆ ਤਾਂ ਉਸਨੇ ਵੇਖਿਆ ਕਿ ਬਹੁਤ ਸਾਰੇ ਲੋਕ ਇਕੱਠੇ ਹੋ ਰਹੇ ਸਨ ਜਿਨ੍ਹਾਂ ਨੇ ਉਸਨੂੰ ਦੱਸਿਆ ਕਿ ਤੇਰੇ ਭਰਾ ਤੇ ਭਰਜਾਈ ਦੇ ਕਾਫ਼ੀ ਸੱਟਾ ਲੱਗੀਆਂ ਨੇ ਅਤੇ ਜਦ ਉਸਨੇ ਨੇੜੇ ਜਾਕੇ ਵੇਖਿਆ ਤਾਂ ਦੋਵੇ ਬੇਹੋਸ਼ ਪਏ ਸਨ ਜਿਨ੍ਹਾਂ ਨੂੰ ਅਸੀਂ ਹਸਪਤਾਲ ਲੈ ਗਏ।
ਪੁਲਿਸ ਅਧਿਕਾਰੀ ਇਸ ਮਾਮਲੇ ਨੂੰ ਬਲੈਂਡ ਮਰਡਰ ਦੱਸਦੇ ਹੋਏ ਜਾਂਚ ਦੀ ਗੱਲ ਕਹਿ ਰਹੇ ਹਨ। ਮਾਨਸਾ ਦੇ ਐਸ ਐਸ ਪੀ, ਸੁਰੇਂਦਰ ਲਾਂਬਾ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਬਛੋਆਣਾ ਵਿਖੇ ਇੱਕ ਬਜ਼ੁਰਗ ਜੋੜੇ ਤੇ ਕਾਤਲਾਨਾ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਚ ਮਹਿਲਾ ਦੀ ਮੌਕੇ ਤੇ ਮੌਤ ਹੋਈ ਹੈ ਅਤੇ ਉਸਦੇ ਪਤੀ ਦੇ ਗੰਭੀਰ ਸੱਟਾ ਲੱਗਣ ਕਾਰਨ ਉਸਨੂੰ ਪਟਿਆਲੇ ਰੈਫਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਇਹ ਇੱਕ ਬਲੈਂਡ ਮਰਡਰ ਹੈ ਅਸੀਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਰਹੇ ਹਾਂ ਜਲਦੀ ਹੀ ਇਹ ਕਤਲ ਦਾ ਮਾਮਲਾ ਟਰੇਸ ਕਰ ਲਿਆ ਜਾਵੇਗਾ।