Ajnala Bank Fraud: ਅਜਨਾਲਾ ਦੇ ਪੰਜਾਬ ਨੈਸ਼ਨਲ ਬੈਂਕ ਵਿਚ ਪੈਸੇ ਜਮ੍ਹਾ ਕਰਵਾਉਣ ਆਏ ਇਕ ਬਜ਼ੁਰਗ ਦੀ ਜੇਬ ਵਿਚੋਂ ਇਕ ਲੁਟੇਰਾ 50000 ਰੁਪਏ ਕੱਢ ਕੇ ਫ਼ਰਾਰ ਹੋ ਗਿਆ, ਇਸ ਸਾਰੀ ਵਾਰਦਾਤ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਬਜ਼ੁਰਗ ਜਵਾਹਰ ਲਾਲ ਵਾਸੀ ਵਾਰਡ ਨੰਬਰ 1 ਨੇ ਦੱਸਿਆ ਕਿ ਮੇਰੇ ਪੁੱਤਰ ਰੋਜ਼ਰ ਕਪੂਰ ਦੀ ਅਜਨਾਲਾ ਸ਼ਹਿਰ ਵਿਚ ਹੀ ਦੁਕਾਨ ਹੈ। ਜਿਸ ਨੇ ਮੈਨੂੰ 1.50 ਲੱਖ ਰੁਪਏ ਬੈਂਕ ਵਿਚ ਜਮਾਂ ਕਰਵਾਉਣ ਲਈ ਦਿੱਤੇ ਸਨ। ਉਨ੍ਹਾਂ ਦੱਸਿਆ ਕਿ 1 ਲੱਖ ਰੁਪਏ ਮੈਂ ਕਮੀਜ਼ ਦੀ ਸਾਈਡ ਵਾਲੀ ਜੇਬ ਵਿਚ ਪਾਏ ਸਨ 50 ਹਜ਼ਾਰ ਰੁਪਏ ਉੱਪਰਲੀ ਜੇਬ ਵਿਚ ਪਾਇਆ ਸੀ। ਜਵਾਹਰ ਲਾਲ ਨੇ ਅੱਗੇ ਦੱਸਿਆ ਕਿ ਜਦ ਮੈਂ ਇਹ ਸਾਰੇ ਪੈਸੇ ਜਮਾਂ ਕਰਵਾਉਣ ਲਈ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਖੜ੍ਹਾ ਸੀ ਤਾਂ ਉੱਥੇ ਕਾਫੀ ਭੀੜ ਸੀ ਤੇ ਭੀੜ ਵਿਚੋਂ ਹੀ ਇੱਕ ਮੋਨਾ ਲੜਕਾ ਮੇਰੀ ਕਮੀਜ਼ ਦੀ ਉੱਪਰਲੀ ਜੇਬ ਵਿਚੋਂ 50 ਹਜ਼ਾਰ ਰੁਪਏ ਕੱਢ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਜਿੱਥੇ ਬੈਂਕ ਦੇ ਬਾਹਰ ਕਾਫੀ ਭੀੜ ਸੀ ਉੱਥੇ ਹੀ ਬੈਂਕ ਦੇ ਬਾਹਰ ਕੋਈ ਵੀ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਨਹੀਂ ਸੀ।
ਜਵਾਹਰ ਲਾਲ ਨੇ ਇਹ ਵੀ ਦੱਸਿਆ ਕਿ ਪੈਸੇ ਕੱਢਣ ਦੀ ਇਹ ਸਾਰੀ ਵਾਰਦਾਤ ਬੈਂਕ ਦੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ ਤੇ ਇਸ ਸਬੰਧੀ ਥਾਣਾ ਅਜਨਾਲਾ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਬੈਂਕ ਦੇ ਅਧਿਕਾਰੀ ਹੀਰਾ ਲਾਲ ਨੇ ਦੱਸਿਆ ਕਿ ਬਜ਼ੁਰਗ ਦੇ ਪੈਸੇ ਬੈਂਕ ਦੇ ਬਾਹਰੋਂ ਨਿਕਲੇ ਹਨ ਤੇ ਸੁਰੱਖਿਆ ਕਰਮਚਾਰੀ ਵੀ ਪਿਛਲੇ 2-3 ਮਹੀਨਿਆਂ ਤੋਂ ਨਹੀਂ ਹੈ ਤੇ ਜਲਦ ਹੀ ਬੈਂਕ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਆ ਕਰਮਚਾਰੀ ਭਰਤੀ ਕਰ ਲਿਆ ਜਾਵੇਗਾ। ਉਧਰ ਪੁਲਸ ਚੌਂਕੀ ਅਜਨਾਲਾ ਦੇ ਇੰਚਾਰਜ ਸਬ-ਇੰਸਪੈਕਟਰ ਗਗਨਦੀਪ ਸਿੰਘ ਨੇ ਕਿਹਾ ਕਿ ਬਜ਼ੁਰਗ ਜਵਾਹਰ ਲਾਲ ਦੇ ਕਿਸੇ ਵਿਅਕਤੀ ਵੱਲੋਂ ਪੈਸੇ ਕੱਢਣ ਸੰਬੰਧੀ ਥਾਣਾ ਅਜਨਾਲਾ ‘ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ ਤੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ਨੂੰ ਵੀ ਬਾਰੀਕੀ ਨਾਲ ਖੰਘਾਲਿਆ ਜਾ ਰਿਹਾ ਹੈ।