Yogi government big announcement: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਕੋਰੋਨਾ ਵਾਇਰਸ ਦੀ ਲਾਗ ਨਾਲ ਨਜਿੱਠਣ ਲਈ ਹਰ ਸੰਭਵ ਸਹਾਇਤਾ ਕਰ ਰਹੇ ਹਨ । ਇਸ ਕੜੀ ਵਿੱਚ ਸ਼ਨੀਵਾਰ ਨੂੰ ਸੀਐਮ ਯੋਗੀ ਨੇ ਕੋਵਿਡ-19 ਦੇ ਪ੍ਰਬੰਧਨ ਲਈ ਗਠਿਤ ਟੀਮ-9 ਨੂੰ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਦਿੱਤੇ ਹਨ। ਯੋਗੀ ਸਰਕਾਰ ਹੁਣ ਕੋਰੋਨਾ ਵਾਇਰਸ ਕਾਰਨ ਮੌਤ ਤੋਂ ਬਾਅਦ ਸਾਰੀਆਂ ਮ੍ਰਿਤਕ ਦੇਹਾਂ ਦਾ ਮੁਫਤ ਵਿਚ ਅੰਤਿਮ-ਸਸਕਾਰ ਕਰਵਾਏਗੀ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ । ਉੱਤਰ ਪ੍ਰਦੇਸ਼ ਵਿੱਚ ਕੋਵਿਡ ਨਾਲ ਮੌਤ ਹੋਣ ਦੀ ਸਥਿਤੀ ਵਿੱਚ ਮੁਫਤ ਅੰਤਿਮ-ਸੰਸਕਾਰ ਹੋਵੇਗਾ, ਇਹ ਹੁਕਮ ਨਗਰ ਨਿਗਮ ਦੀਆਂ ਹੱਦਾਂ ਵਿੱਚ ਲਾਗੂ ਹੋਣਗੇ।
ਇਹ ਹੁਕਮ ਜਾਰੀ ਕਰਦਿਆਂ ਨਗਰ ਨਿਗਮ ਦੇ ਵਧੀਕ ਮੁੱਖ ਸਕੱਤਰ ਮਨੋਜ ਸਿੰਘ ਨੇ ਕਿਹਾ ਕਿ ਅੰਤਿਮ ਸੰਸਕਾਰ ਲਈ ਸ਼ਮਸ਼ਾਨਘਾਟ ਅਤੇ ਕਬਰਸਤਾਨ ਵਿੱਚ ਮੁਫਤ ਸਸਕਾਰ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਮੁੱਢਲਾ ਫਰਜ਼ ਇਹ ਹੈ ਕਿ ਉਹ ਆਪਣੇ ਖੇਤਰਾਂ ਵਿੱਚ ਕੋਰੋਨਾ ਵਾਇਰਸ ਕਾਰਨ ਮਾਰੇ ਗਏ ਲੋਕਾਂ ਦਾ ਮੁਫ਼ਤ ਵਿੱਚ ਅੰਤਿਮ-ਸੰਸਕਾਰ ਕਰਵਾਉਣ । ਇਸਦੇ ਨਾਲ ਹੀ ਇਸ ਪ੍ਰਕਿਰਿਆ ਵਿੱਚ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨਾ ਵੀ ਲਾਜ਼ਮੀ ਹੈ।
ਇਸ ਪ੍ਰਕਿਰਿਆ ਵਿੱਚ ਆਉਣ ਵਾਲਾ ਖਰਚਾ ਸ਼ਹਿਰੀ ਸੰਸਥਾ ਤੋਂ ਜਾਂ ਫਿਰ ਆਪਣੇ ਰਾਜ ਵਿੱਤ ਕਮਿਸ਼ਨ ਵੱਲੋਂ ਮੁਹੱਈਆ ਕਰਵਾਏ ਗਏ ਫੰਡਾਂ ਵਿਚੋਂ ਹੋਵੇਗਾ। ਇੱਕ ਮ੍ਰਿਤਕ ਦੇਹ ਦੇ ਅੰਤਿਮ-ਸੰਸਕਾਰ ਵਿੱਚ ਵੱਧ ਤੋਂ ਵੱਧ 5 ਹਜ਼ਾਰ ਰੁਪਏ ਖਰਚ ਕੀਤੇ ਜਾਣਗੇ । ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ, ਅੱਜ ਵੀ ਪੂਰੇ ਰਾਜ ਵਿੱਚ 25 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 28,076 ਮਾਮਲੇ ਸਾਹਮਣੇ ਆਏ ਹਨ, ਜਦਕਿ ਕੁੱਲ 372 ਲੋਕਾਂ ਦੀ ਮੌਤ ਹੋ ਗਈ।