Mamata Banerjee on modi government: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ‘ਤੇ ਦੇਸ਼ ਨੂੰ ਕੋਵਿਡ-19 ਸੰਕਟ ਤੋਂ ਤਬਾਹੀ ਦੇ ਕਗਾਰ ‘ਤੇ ਲਿਜਾਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਕੇਂਦਰ ਦੇ ਪਿਛਲੇ ਛੇ ਮਹੀਨਿਆਂ ਵਿੱਚ ਕੋਈ ਕੰਮ ਨਾ ਕਰਨ ਦਾ ਨਤੀਜਾ ਹੈ ਕਿਉਂਕਿ ਕੇਂਦਰੀ ਮੰਤਰੀ ਅਤੇ ਨੇਤਾ ਬੰਗਾਲ ‘ਤੇ ਕਬਜ਼ਾ ਕਰਨ ਲਈ ਰੋਜ਼ਾਨਾ ਰਾਜ ਪਹੁੰਚ ਰਹੇ ਸਨ।
ਉਨ੍ਹਾਂ ਨੇ ਇਹ ਦੋਸ਼ ਦੁਹਰਾਇਆ ਕਿ ਭਾਜਪਾ ਲੋਕਾਂ ਦੇ ਆਦੇਸ਼ ਸਵੀਕਾਰ ਕਰਨ ਵਿੱਚ ਅਸਮਰਥ ਹੈ ਅਤੇ ਬੰਗਾਲ ਵਿੱਚ ਚੋਣਾਂ ਹੋਣ ਤੋਂ ਬਾਅਦ ਹਿੰਸਾ ਭੜਕਾ ਰਹੀ ਹੈ । ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ‘ਤੇ ਹਮਲਾ ਕਰਦਿਆਂ ਦੋਸ਼ ਲਾਇਆ ਕਿ ਜੇ ਉਸ ਨੇ‘ ਸਿੱਧੇ ਤੌਰ ’ਤੇ ਭਾਜਪਾ ਪਾਰਟੀ ਦੀ ਮਦਦ ਨਾ ਕੀਤੀ ਹੁੰਦੀ ਤਾਂ ਉਹ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ 30 ਸੀਟਾਂ ਵੀ ਨਹੀਂ ਜਿੱਤ ਸਕਦੀ ਸੀ।
ਉਨ੍ਹਾਂ ਕਿਹਾ, “ਅਸੀਂ ਜਾਣਦੇ ਹਾਂ ਕਿ ਚੋਣ ਕਮਿਸ਼ਨ ਦਾ ਕੰਮ ਗੜਬੜੀ ਰੋਕਣਾ ਹੁੰਦਾ ਹੈ। ਅਸੀਂ ਇਸਨੂੰ ਟੀ ਐਨ ਸ਼ੇਸ਼ਾਨ ਦੇ ਯੁੱਗ ਵਿੱਚ ਦੇਖਿਆ ਸੀ। ਹੁਣ ਉਲਟਾ ਹੋ ਰਿਹਾ ਹੈ। ਇਨ੍ਹਾਂ ਚੋਣਾਂ ਵਿੱਚ ਕੁਝ ਥਾਵਾਂ ‘ਤੇ ਅਜਿਹਾ ਲੱਗਦਾ ਹੈ ਕਿ ਚੋਣ ਕਮਿਸ਼ਨ ਦੀ ਸਹਾਇਤਾ ਨਾਲ ਗੜਬੜੀ ਹੋਈ ਹੈ।”
ਇਸ ਤੋਂ ਅੱਗੇ ਬੈਨਰਜੀ ਨੇ ਕਿਹਾ, “ਬੰਗਾਲ ਵਿੱਚ ਦੋਹਰੀ ਸਰਕਾਰ ਬਣਾਉਣ ਲਈ ਉਨ੍ਹਾਂ ਨੇ ਭਾਰਤ ਨੂੰ ਬਰਬਾਦੀ ਦੀ ਕਗਾਰ ‘ਤੇ ਧੱਕ ਦਿੱਤਾ ਹੈ। ਪਿਛਲੇ ਛੇ ਮਹੀਨਿਆਂ ਵਿੱਚ ਕੇਂਦਰ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਅਤੇ ਉਹ ਬੰਗਾਲ ‘ਤੇ ਕਬਜ਼ਾ ਕਰਨ ਲਈ ਰੋਜ਼ ਇੱਥੇ ਆਉਂਦੇ ਸਨ।” ਉਨ੍ਹਾਂ ਨੇ ਸੰਸਦ ਭਵਨ, ਪ੍ਰਧਾਨ ਮੰਤਰੀ ਦੀ ਰਿਹਾਇਸ਼ ਅਤੇ ਹੋਰ ਲਗਜ਼ਰੀ ਉਸਾਰੀ ਲਈ ਵੀ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ।