People were stealing clothes of dead bodies : ਬਾਗਪਤ: ਇੱਕ ਪਾਸੇ ਦੇਸ਼ ਵਿੱਚ ਕੋਰੋਨਾ ਕਰਕੇ ਲੋਕਾਂ ਵਿੱਚ ਡਰ ਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਉਥੇ ਹੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਬਾਗਪਤ ਦੀ ਬੜੌਤ ਕੋਤਵਾਲੀ ਪੁਲਿਸ ਨੇ ਸ਼ਮਸ਼ਾਨਘਾਟ ਦੇ ਕਫਨ ਚੋਰੀ ਕਰਕੇ ਵੇਚਣ ਵਾਲੇ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਲੋਕ ਕਬਰਿਸਤਾਨਾਂ ਅਤੇ ਸ਼ਮਸ਼ਾਨਘਾਟਾਂ ਤੋਂ ਕਫਨ ਅਤੇ ਮ੍ਰਿਤਕ ਦੇਹ ਦੇ ਕੱਪੜੇ ਚੋਰੀ ਕਰਕੇ ਉਨ੍ਹਾਂ ਨੂੰ ਬਾਜ਼ਾਰ ਵਿੱਚ ਵੇਚ ਦਿੰਦੇ ਸਨ। ਪੁਲਿਸ ਮੁਤਾਬਕ ਇਹ ਮਾਮਲਾ ਬਾਗਪਤ ਦੇ ਬਰੌਤ ਕੋਤਵਾਲੀ ਖੇਤਰ ਨਾਲ ਸਬੰਧਤ ਹੈ, ਜਿਥੇ ਇਹ ਗਿਰੋਹ ਕੋਵਿਡ -19 ਲਾਗ ਨੂੰ ਸੱਦਾ ਦੇ ਰਿਹਾ ਸੀ। ਬੜੌਤ ਦੇ ਪੁਲਿਸ ਅਧਿਕਾਰੀ ਆਲੋਕ ਸਿੰਘ ਨੇ ਐਤਵਾਰ ਨੂੰ ਦੱਸਿਆ ਕਿ ਉਸਦੇ ਦੂਸਰੇ ਸਾਥੀ, ਜਿਸ ਵਿੱਚ ਇੱਕ ਕੱਪੜਾ ਵਪਾਰੀ ਸਣੇ ਉਸ ਦੇ ਹੋਰ ਸਾਥੀ ਸ਼ਮਸ਼ਾਨ ਘਾਟ, ਕਬਰਿਸਤਾਨਾਂ ਅਤੇ ਮ੍ਰਿਤਕ ਦੇਹ ‘ਤੇ ਪਾਈ ਗਈ ਚਾਦਰ ਆਦਿ ਚੋਰੀ ਕਰ ਲੈਂਦੇ ਸਨ ਅਤੇ ਉਨ੍ਹਾਂ ਕੱਪੜਿਆਂ ਨੂੰ ਪ੍ਰੈੱਸ ਕਰਕੇ ਗਵਾਲੀਅਰ ਕੰਪਨੀ ਦਾ ਮਾਰਕਾ ਲਗਾ ਕੇ ਬਾਜ਼ਾਰ ਵਿੱਚ ਵੇਚਦੇ ਸਨ।
ਪੁਲਿਸ ਨੇ ਦੱਸਿਆ ਕਿ ਇਹ ਗਿਰੋਹ ਪਿਛਲੇ 10 ਸਾਲਾਂ ਤੋਂ ਇਹ ਕੰਮ ਕਰ ਰਿਹਾ ਸੀ। ਫੜੇ ਗਏ ਮੁਲਜ਼ਮ ਨੂੰ ਕੱਪੜਾ ਵਪਾਰੀ ਰੋਜ਼ਾਨਾ 300 ਰੁਪਏ ਅਦਾ ਕਰਦਾ ਸੀ। ਅਲੋਕ ਸਿੰਘ ਨੇ ਦੱਸਿਆ ਕਿ ਬੜੌਤ ਪੁਲਿਸ ਨੇ ਸ਼ਨੀਵਾਰ ਨੂੰ ਕੱਪੜਾ ਵਪਾਰੀ ਪ੍ਰਵੀਨ ਜੈਨ ਸਮੇਤ ਉਸ ਦੇ ਪੁੱਤਰ ਅਸ਼ੀਸ਼ ਜੈਨ, ਭਤੀਜੇ ਰਿਸ਼ਭ ਜੈਨ ਅਤੇ ਹੋਰ ਰਾਜੂ ਸ਼ਰਮਾ, ਸ਼ਰਵਣ ਸ਼ਰਮਾ, ਬਬਲੂ ਕਸ਼ਯਪ, ਸ਼ਾਹਰੁਖ ਖਾਨ ਸਮੇਤ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਸਿੰਘ ਅਨੁਸਾਰ ਪੁਲਿਸ ਨੇ 520 ਚਿੱਟੇ ਅਤੇ ਪੀਲੀਆਂ ਚਾਦਰਾਂ, 127 ਕੁਰਤੇ, 140 ਸਫੈਦ ਕਮੀਜ਼, 34 ਸਫੈਦ ਧੋਤੀ, 12 ਗਰਮ ਸ਼ਾਲਾਂ, 52 ਧੋਤੀ ਮਹਿਲਾ, 3 ਰਿਬਨ ਦੇ ਪੈਕੇਟ, 158 ਰਿਬਨ ਗਵਾਲੀਅਰ, 1 ਟੇਪ ਕਟਰ, 112 ਗਵਾਲੀਅਰ ਕੰਪਨੀ ਦੇ ਸਟਿੱਕਰ ਵੀ ਬਰਾਮਦ ਕੀਤੇ ਹਨ। ਬੜੌਤ ਪੁਲਿਸ ਨੇ ਕਾਬੂ ਕੀਤੇ ਮੁਲਜ਼ਮਾਂ ਉੱਤੇ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਤੋਂ ਇਲਾਵਾ ਮਹਾਮਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ।