sirhind fateh diwas baba banda singh bahadur: ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਭਾਰਤ ਵਿੱਚ ਰਾਜ ਤਖਤ ਤੇ ਕਾਬਜ਼ ਮੁਗਲ ਬਾਦਸ਼ਾਹ ਔਰੰਗਜੇਬ ਅਤੇ ਹੋਰਨਾਂ ਮੁਗਲ ਸੂਬੇਦਾਰਾਂ ਦੁਆਰਾ ਸਮੁੱਚੇ ਦੇਸ਼ ਅੰਦਰ ਮਜ਼ਹਬੀ ਕੱਟੜਤਾ ਫੈਲਾਅ ਕੇ ਆਮ ਲੋਕਾਂ ਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਠੱਲ੍ਹਣ ਲਈ ਭਾਰਤ ਵਿੱਚ ਇੱਕੋ ਇੱਕ ਮਹਾਨ ਜਰਨੈਲ ਪੈਦਾ ਹੋਇਆ ਹੈ। ਜਿਸਦੀ ਸੂਰਬੀਰਤਾ ਦੀਆਂ ਗਾਥਾਵਾਂ ਜਿਹੀ ਮਿਸਾਲ ਸ਼ਾਇਦ ਹੀ ਕਿੱਧਰੇ ਦੁਨੀਆਂ ਦੇ ਇਤਿਹਾਸ ਵਿੱਚ ਮਿਲਦੀ ਹੋਵੇ।
ਉਹ ਸੂਰਬੀਰ ਮਹਾਨ ਯੋਧਾ ਸੀ ਬਾਬਾ ਬੰਦਾ ਸਿੰਘ ਬਹਾਦਰ। ਉਸ ਮਰਜੀਵੜੇ ਦੇ ਜੀਵਨ ਬਾਰੇ ਸ਼ਾਇਦ ਕੁੱਝ ਇਤਿਹਾਸਕਾਰਾਂ ਨੇ ਵੀ ਨਿਆਂ ਨਹੀਂ ਕੀਤਾ। ਲੇਕਿਨ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਅਤੇ ਉਸ ਦੁਆਰਾ ਸਿਰਜੇ ਨਿਵੇਕਲੇ ਇਤਿਹਾਸ ਦੀ ਸ਼ਲਾਘਾ ਗੈਰ ਸਿੱਖ ਇਤਿਹਾਸਕਾਰ ਵੀ ਕਰਦੇ ਰਹੇ ਹਨ।
ਕਵੀ ਰਵਿੰਦਰ ਨਾਥ ਟੈਗੋਰ ਨੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਆਪਣੀ ਲਿਖੀ ਕਾਵਿ ਰਚਨਾਂ ਵਿੱਚ ਬੰਦਾ ਸਿੰਘ ਦੀ ਬਹਾਦਰੀ ਦੇ ਰੱਜ ਕੇ ਸੋਹਲੇ ਗਾਏ। ਲੇਕਿਨ ਦੂਸਰੇ ਪਾਸੇ ਹਿੰਦੂ ਧਰਮ ਨਾਲ ਸੰਬੰਧਿਤ ਭਾਈ ਪਰਮਾਂ ਨੰਦ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਦੇ ਕਾਇਲ ਹਨ , ਲੇਕਿਨ ਉਨ੍ਹਾਂ ਆਪਣੀ ਪੁਸਤਕ ‘ਬੰਦਾ ਬੈਰਾਗੀ’ ਦੁਆਰਾ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਬਾਬਾ ਬੰਦਾ ਸਿੰਘ ਬਹਾਦਰ ਅੰਮ੍ਰਿਤਧਾਰੀ ਨਾਂ ਹੋ ਕੇ ਕੇਵਲ ਬੈਰਾਗੀ ਸੀ। ਇਹ ਜਿਕਰਯੋਗ ਹੈ ਕਿ ਭਾਈ ਪਰਮਾਂ ਨੰਦ ਜੀ ਨੂੰ ਸਿੱਖ ਸ਼ਹੀਦ ਭਾਈ ਮਤੀ ਦਾਸ ਜੀ ਦਾ ਵੰਜਸ਼ ਦੱਸਿਆ ਜਾ ਰਿਹਾ ਹੈ। ਇਹਨਾਂ ਵਿਸ਼ਿਆਂ ਨੂੰ ਛੋਹਣ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਅਸਲ ਜੀਵਨ ਦੇ ਵੱਖ ਵੱਖ ਵਿਸ਼ਿਆਂ ਨੂੰ ਵਿਚਾਰਨਾਂ ਬੜਾ ਜਰੂਰੀ ਹੈ।
ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 16 ਅਕਤੂਬਰ ਸੰਨ੍ਹ 1670 ਨੂੰ ਕਸ਼ਮੀਰ ਦੇ ਜੰਮੂ ਅਤੇ ਪੁਣਛ ਦੇ ਵਿਚਕਾਰ ਪੈਂਦੇ ਪਹਾੜੀ ਕਸਬੇ ਰਾਜੌਰੀ ਵਿੱਚ ਪਿਤਾ ਰਾਮ ਦੇਵ ਦੇ ਘਰ ਹੋਇਆ। ਬਾਬਾ ਬੰਦਾ ਸਿੰਘ ਦਾ ਪਹਿਲਾਂ ਨਾਮ ਲਛਮਣ ਦੇਵ ਸੀ। ਲਛਮਣ ਦੇਵ ਨੇ ਛੋਟੀ ਉਮਰ ਵਿੱਚ ਹੀ ਸ਼ਿਕਾਰ ਖੇਡਣਾਂ ਸ਼ੁਰੂ ਕਰ ਦਿੱਤਾ। ਤਲਵਾਰ ਚਲਾਉਣ ਸਮੇਤ ਹਰ ਤਰ੍ਹਾਂ ਦੀ ਮੁਹਾਰਤ ਛੋਟੇ ਹੁੰਦਿਆਂ ਹੀ ਹਾਸਿਲ ਕਰ ਲਈ। ਇੱਕ ਦਿਨ ਸ਼ਿਕਾਰ ਖੇਡਦਿਆਂ ਇੱਕ ਹਿਰਨੀ ਦਾ ਐਸਾ ਸ਼ਿਕਾਰ ਕੀਤਾ ਕਿ ਉਸਦੇ ਮਰਨ ਸਾਰ ਹੀ ਦੋ ਮਾਸੂਮ ਬੱਚੇ ਪੇਟ ਵਿੱਚੋਂ ਨਿੱਕਲ ਕੇ ਲਛਮਣ ਦੇਵ ਦੇ ਸਾਹਮਣੇ ਹੀ ਦਮ ਤੋੜ ਗਏ। ਇਸ ਘਟਨਾਂ ਨੇ ਲਛਮਣ ਦੇਵ ਨੂੰ ਸ਼ਾਇਦ ਪੂਰੀ ਦੁਨੀਆਂ ਤੋਂ ਉਪਰਾਮ ਕਰਨ ਦਿੱਤਾ। ਘਰ ਬਾਰ ਤਿਆਗ ਕੇ ਕੁੱਝ ਸਾਧੂਆਂ ਦੇ ਟੋਲੇ ਵਿੱਚ ਸ਼ਾਮਿਲ ਹੋ ਕੇ ਤੀਰਥ ਯਾਤਰਾਵਾਂ ਵੱਲ ਤੁਰ ਪਿਆ। ਘੁੰਮਦੇ ਘੁਮਾਉਂਦੇ ਨਾਸਿਕ ਵਿਖੇ ਔਘੜ ਨਾਥ ਨਾਮ ਦੇ ਤਾਂਤਰਿਕ ਨਾਲ ਮੇਲ ਹੋਇਆ। ਔਘੜ ਨਾਥ ਤੰਤਰ ਮੰਤਰ ਵਿਦਿਆ ਦਾ ਇੱਕ ਮੰਨਿਆਂ ਪ੍ਰਮੰਨਿਆਂ ਯੋਗੀ ਸੀ। ਕੁੱਝ ਸਮਾਂ ਤੰਤਰ ਵਿਦਿਆ ਵਿੱਚ ਨਿਪੁੰਨ ਹੋ ਕੇ ਲਛਮਣ ਦੇਵ ਨੇ ਆਪਣਾਂ ਵੱਖਰਾ ਡੇਰਾ ਗੋਦਾਵਰੀ ਨਦੀ ਦੇ ਕੰਢੇ ਬਣਾਂ ਲਿਆ। ਲਛਮਣ ਦੇਵ ਦਾ ਦੂਸਰਾ ਨਾਮ ਮਾਧੋ ਦਾਸ ਵੀ ਆਮ ਲੋਕਾਂ ਵਿੱਚ ਪ੍ਰਚੱਲਿਤ ਸੀ। ਤੰਤਰ ਵਿਦਿਆ ਵਿੱਚ ਨਿਪੁੰਨ ਹੋਣ ਕਾਰਨ ਸਮੁੱਚੇ ਇਲਾਕੇ ਅੰਦਰ ਮਾਧੋ ਦਾਸ ਬੈਰਾਗੀ ਦੀਆਂ ਧੂੰਮਾਂ ਪੈ ਗਈਆਂ।
ਇਤਿਹਾਸ ਦੇ ਵਰਕੇ ਫਰੋਲੀਏ ਤਾਂ ਇਹ ਵੀ ਪਤਾ ਲੱਗਦਾ ਹੈ ਕਿ ਮਾਧੋ ਦਾਸ ਆਪਣਾਂ ਬਾਣਾਂ ਤਿਆਗ ਕੇ ਕੁੱਝ ਸਮਾਂ ਮਰਾਠਾ ਸੈਨਾਂ ਵਿੱਚ ਆਪਣੇ ਜੰਗੀ ਕਰਤੱਵ ਦਿਖਾ ਚੁੱਕਾ ਸੀ। ਜੰਗਾਂ ਯੁੱਧਾਂ ਵਿੱਚ ਹੁੰਦੀ ਕਤਲੋ-ਗਾਰਤ ਤੋਂ ਦੁਖੀ ਹੋ ਕੇ ਉਸ ਨੇ ਮੁੜ ਬੈਰਾਗੀ ਰੂਪ ਧਾਰਨ ਕਰ ਲਿਆ ਸੀ। ਉਸਦੇ ਨਾਮ ਦੀ ਚਰਚਾ ਸੁਣ ਕੇ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਧੋ ਦਾਸ ਨਾਲ ਹੋਈ ਮੁਲਾਕਾਤ ਅਤੇ ਉਸ ਤੋਂ ਬਾਅਦ ਵਾਪਰੇ ਘਟਨਾਂ-ਕ੍ਰਮ ਨੇ ਸਮੁੱਚੇ ਦੇਸ਼ ਦੇ ਇਤਿਹਾਸ ਵਿੱਚ ਇੱਕ ਐਸਾ ਸੁਨਹਿਰਾ ਪੰਨਾਂ ਜੋੜ ਦਿੱਤਾ, ਜਿਸ ਦੀ ਮਿਸਾਲ ਸ਼ਾਇਦ ਦੁਨੀਆਂ ਦੇ ਇਤਿਹਾਸ ਵਿੱਚ ਮਿਲਣੀ ਨਾ-ਮੁਮਕਿਨ ਹੈ। ਸੰਨ੍ਹ 1704 ਈ: ਨੂੰ ਉਸ ਵੇਲੇ ਦੇ ਸਰਹੰਦ ਦੇ ਅਤਿ ਜ਼ਾਲਮ ਮੁਗਲ ਸੂਬੇਦਾਰ ਵਜ਼ੀਰ ਖਾਂ ਦੁਆਰਾ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਬਾਬਾ ਜ਼ੋਰਾਵਰ ਸਿੰਘ (9) ਅਤੇ ਬਾਬਾ ਫਤਿਹ ਸਿੰਘ (7) ਨੂੰ ਜਿਉਂਦਿਆਂ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ। ਵੱਡੇ ਸਾਹਿਬਜਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ। ਗੁਰੂ ਸਾਹਿਬ ਆਪਣੇ ਚਾਰਾਂ ਸਪੁੱਤਰਾਂ ਅਤੇ ਮਾਤਾ ਗੁਜ਼ਰੀ ਜੀ ਨੂੰ ਸਿੱਖੀ ਤੋਂ ਵਾਰ ਕੇ ਤਲਵੰਡੀ ਸਾਬੋ (ਬਠਿੰਡਾ) ਦੀ ਧਰਤੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਵਾ ਕੇ ਦੱਖਣ ਵੱਲ ਨੂੰ ਚੱਲ ਪਏ। ਦੱਖਣ ਵਿੱਚ ਮਹਾਂਰਾਸ਼ਟਰ ਰਾਜ ਦੇ ਨੰਦੇੜ ਵਿਖੇ ਗੋਦਾਵਰੀ ਨਦੀ ਦੇ ਕੰਢੇ ਬੈਰਾਗੀ ਸਾਧੂ ਮਾਧੋ ਦਾਸ ਨਾਲ ਮੇਲ ਹੋਇਆ।
ਦੇਗ਼ੋ ਤੇਗ਼ੋ ਫ਼ਤਹਿ ਨੁਸਰਤ ਬੇਦਰੰਗ।
ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ।
ਖ਼ਾਲਸਾ ਰਾਜ ਕਾਇਮ ਹੋਣ ਦੇ ਨਾਲ ਹੀ ਗ਼ਰੀਬ ਕਿਸਾਨਾਂ ਨੂੰ ਉਨ੍ਹਾਂ ਦੇ ਮਾਲਕਾਨਾ ਹੱਕ ਦਿਵਾਏ ਗਏ। ਸਰਹਿੰਦ ਦੀ ਜੰਗ ਤੋਂ ਬਾਅਦ ਵਜ਼ੀਰ ਖ਼ਾਂ ਦੇ ਪਰਿਵਾਰ ਦਾ ਬੁਰਾ ਹਾਲ ਹੋ ਗਿਆ ਸੀ। ਅਖ਼ਬਾਰ-ਏ-ਦਰਬਾਰ-ਏ-ਮੁਅੱਲਾ ਵਿਚ ਲਿਖਿਆ ਮਿਲਦਾ ਹੈ ਕਿ ਵਜ਼ੀਰ ਖ਼ਾਂ ਦੀ ਪਤਨੀ, ਪੁੱਤਰ ਤੇ ਭਤੀਜੇ ਦੀ ਹਾਲਤ ਮੰਗ ਕੇ ਖਾਣ ਵਾਲੀ ਹੋ ਗਈ ਸੀ। ਉਸ ਦੀ ਪਤਨੀ ਖੇਰ-ਉਲ-ਨਿਸ਼ਾ ਬਾਦਸ਼ਾਹ ਦੇ ਸਾਹਮਣੇ ਪੇਸ਼ ਹੋਈ ਤੇ ਨਿਰਬਾਹ ਲਈ ਮਦਦ ਮੰਗੀ। ਬਦਸ਼ਾਹ ਨੇ ਹੁਕਮ ਕੀਤਾ ਕਿ ਇਸ ਨੂੰ ਪੰਜ ਰੁਪਏ ਰੋਜ਼ਾਨਾ ਦਾ ਭੱਤਾ ਲਾਇਆ ਜਾਵੇ।
ਗਿਆਨੀ ਸੋਹਣ ਸਿੰਘ ਸੀਤਲ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਲਿਖਦੇ ਹਨ ਕਿ ਰਹਿਤ ਮਰਿਯਾਦਾ ਅਨੁਸਾਰ ਬੰਦਾ ਸਿੰਘ ਬਹਾਦਰ ਪੂਰਨ ਗੁਰਸਿੱਖ ਸੀ। ਉਹ ਅੰਮ੍ਰਿਤਧਾਰੀ, ਬਾਣੀ ਦਾ ਨਿਤਨੇਮੀ ਤੇ ਰਹਿਤ ਵਿਚ ਪੂਰਾ ਸੀ। ਗੁਰੂ ਮਹਾਰਾਜ ਉੱਤੇ ਉਸ ਦਾ ਪੂਰਾ ਭਰੋਸਾ ਸੀ। ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ‘ਮਹਾਪੁਰਖ’ ਜਾਂ ‘ਸੱਚਾ ਸਾਹਿਬ’ ਕਹਿੰਦਾ ਸੀ। ਹਰ ਕੰਮ ਉਹ ਅਰਦਾਸ ਕਰ ਕੇ ਕਰਦਾ ਸੀ, ਜੋ ਤਾਕਤ ਉਸ ਨੇ ਹਾਸਲ ਕੀਤੀ, ਉਹ ਸਭ ਗੁਰੂ ਗੋਬਿੰਦ ਸਿੰਘ ਜੀ ਦੀ ਮਿਹਰ ਕਰਕੇ ਸਮਝਦਾ ਸੀ। ਕਹਿੰਦੇ ਹਨ ਕਿ ਅੱਜ ਵੀ ਕਈ ਸਿੱਖ ਦੋ ਇੱਟਾਂ ਖੜਕਾ ਕੇ ਚੁੱਕਦੇ ਹਨ ਤੇ ਸਤਲੁਜ ਦਰਿਆ ਵਿਚ ਜਾ ਸੁੱਟਦੇ ਹਨ ਕਿਉਂਕਿ ਸਿੱਖ ਸਰਹਿੰਦ ਨੂੰ ‘ਗੁਰੂਮਾਰੀ’ ਸਮਝਦੇ ਹਨ।
ਇਹ ਵੀ ਪੜੋ:ਪੁਲਿਸ ਤੋਂ ਅੱਕੇ ਸਬਜ਼ੀ ਵਾਲਿਆਂ ਨੇ ਸੜਕ ‘ਤੇ ਖਿਲਾਰੀਆਂ ਸਬਜ਼ੀਆਂ,ਕੀਤਾ ਜ਼ਬਰਦਸਤ ਹੰਗਾਮਾ'”