Harsimrat Badal Urges : ਬਠਿੰਡਾ : ਸਾਬਕਾ ਕੇਂਦਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਸਿਹਤ ਮੰਤਰੀ ਸ੍ਰੀ ਓ ਪੀ ਸੋਨੀ ਨੂੰ ਬੇਨਤੀ ਕੀਤੀ ਕਿ ਏਮਜ਼ ਵਿਖੇ ਵੈਂਟੀਲੇਟਰ ਤੇ ਵਾਧੂ ਆਕਸੀਜਨ ਸਪਲਾਈ ਕਰ ਕੇ ਲੈਵਲ 3 ਸਹੂਲਤਾਂ ਵਿਚ ਹੋਰ ਵਾਧਾ ਕੀਤਾ ਜਾਵੇ ਤਾਂ ਜੋ ਸੰਸਥਾ ਕੋਰੋਨਾ ਮਰੀਜ਼ਾਂ ਨੂੰ ਚੰਗੀ ਮਿਆਰ ਦੀਆਂ ਕਿਫਾਇਤੀ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰ ਸਕੇ।
ਸ੍ਰੀਮਤੀ ਬਾਦਲ, ਜਿਨ੍ਹਾਂ ਨੇ ਮਾਮਲੇ ‘ਚ ਸਿਹਤ ਮੰਤਰੀ ਨੂੰ ਪੱਤਰ ਲਿਖਿਆ, ਨੇ ਉਨ੍ਹਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਐਡਵਾਂਸ ਕੈਂਸਰ ਇੰਸਟੀਚਿਊਟ ਵਿਖੇ ਕੋਰੋਨਾ ਸੈਂਟਰ ਸਥਾਪਿਤ ਕਰਨ ਦੇ ਕਾਂਗਰਸ ਸਰਕਾਰ ਦੇ ਫੈਸਲੇ ਦੀ ਸਮੀਖਿਆ ਵੀ ਕੀਤੀ ਜਾਵੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਣ ਮਗਰੋਂ ਹੁਣ ਸਿਹਤ ਮੰਤਰੀ ਨੂੰ ਲਿਖੇ ਪੱਤਰ ਦਾ ਹਵਾਲਾ ਦਿੰਦਿਆਂ ਸ਼੍ਰੀਮਤੀ ਬਾਦਲ ਨੇ ਸ਼੍ਰੀ ਸੋਨੀ ਦੇ ਧਿਆਨ ਵਿਚ ਲਿਆਂਦਾ ਕਿ ਉਨ੍ਹਾਂ ਦੇ ਦਫਤਰ ਵੱਲੋਂ ਏਮਜ਼ ਵਿਖੇ ਲੈਵਲ-3 ਬੈਡਾਂ ਦੀ ਉਪਲਬਧਤਾ ਬਾਰੇ ਪੇਸ਼ ਕੀਤੀ ਗਈ ਰਿਪੋਰਟ ਵਿਚ ਤਰੁੱਟੀਆਂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਮੰਤਰੀ ਵੱਲੋਂ ਇਹ ਦਾਅਵਾ ਕਰਨ ਕਿ ਏਮਜ਼ ਵਿਖੇ ਲੈਵਲ 3 ਸਹੂਲਤਾਂ ਹੀ ਨਹੀਂ ਹਨ ਤੇ ਸਿਰਫ 70 ਲੈਵਲ ਬੈਡ ਬੈਡ ਹੀ ਉਪਲਬਧ ਹਨ, ਦੇ ਉਲਟ ਏਮਜ਼ ਮੈਨੇਜਮੈਂਟ ਨੇ ਉਹਨਾਂ ਨੂੰ ਦੱਸਿਆ ਹੈ ਕਿ ਉਹ ਤਾਂ ਸੰਸਥਾ ਦੀ ਸ਼ੁਰੂਆਤ ਤੋਂ ਹੀ ਲੈਵਲ 3 ਬੈਡ ਸਹੂਲਤ ਚਲਾ ਰਹੇ ਹਨ। ਉਹਨਾਂ ਨੇ ਸਿਹਤ ਮੰਤਰ ਨੂੰ ਲਿਖੇ ਪੱਤਰ ਦੇ ਨਾਲ ਏਮਜ਼ ਤੋਂ ਮਿਲੀ ਸੂਚਨਾ ਵੀ ਨੱਥੀ ਕੀਤੀ ਹੈ।
ਬਠਿੰਡਾ ਦੇ ਐਮ ਪੀ ਨੇ ਸ੍ਰੀ ਸੋਨੀ ਨੂੰ ਇਹ ਵੀ ਦੱਸਿਆ ਕਿ ਏਮਜ਼ ਵਿਚ ਹੋਰ ਕੋਰੋਨਾ ਮਰੀਜ਼ ਦਾਖਲ ਕੀਤੇ ਜਾ ਸਕਦੇ ਹਨ ਅਤੇ ਇਥੇ ਲੈਵਲ 3 ਬੈਡਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾ ਸਕਦਾ ਹੈ ਪਰ ਅਜਿਹਾ ਤਾਂ ਨਹੀਂ ਕਰ ਪਾ ਰਿਹਾ ਕਿਉਂਕਿ ਇਸ ਕੋਲ ਇਸ ਮਕਸਦ ਲਈ ਲੋੜੀਂਦੀ ਆਕਸੀਜ਼ਨ ਦੀ ਸਪਲਾਈ ਨਹੀਂ ਹੈ। ਉਨ੍ਹਾਂ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ, ਜੋ ਆਕਸੀਜਨ ਸਿਲੰਡਰਾਂ ਦੇ ਇੰਚਾਰਜ ਹਨ, ਨੂੰ ਬੇਨਤੀ ਕੀਤੀ ਕਿ ਇਸ ਪ੍ਰਮੁੱਖ ਸੰਸਥਾਵਾਂ ‘ਚ ਆਕਸੀpਨ ਸਪਲਾਈ ਕੋਟਾ ਵਧਾਉਣ ਲਈ ਹਦਾਇਤਾਂ ਦਿੱਤੀਆਂ ਜਾਣ। ਇਸਦੇ ਨਾਲ ਹੀ ਕੇਂਦਰ ਸਰਕਾਰ ਤੋਂ ਮਿਲਦੇ ਚਲਦੀ ਹਾਲਤ ਵਾਲੇ ਵੈਂਟੀਲੇਟਰ ਪ੍ਰਾਈਵੇਟ ਹਸਪਤਾਲਾਂ ਨੂੰ ਦੇਣ ਦੀ ਥਾਂ ਏਮਜ਼ ਨੁੰ ਪ੍ਰਦਾਨ ਕੀਤੇ ਜਾਣ। ਉਹਨਾਂ ਕਿਹਾ ਕਿ ਇਸ ਨਾਲ ਇਹ ਯਕੀਨੀ ਹੋ ਜਾਵੇਗਾ ਕਿ ਜ਼ਰੂਰਤ ਮੰਦ ਮਰੀਜ਼ਾਂ ਨੂੰ ਕਿਫਾਇਤੀ ਦਰਾਂ ’ਤੇ ਕਵਾਲਟੀ ਵਾਲੀਆਂ ਸਿਹਤ ਸੰਭਾਲ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।
ਸ਼੍ਰੀਮਤੀ ਬਾਦਲ ਨੇ ਕਿਹਾ ਕਿ ਇਹ ਦੋਵੇਂ ਕਦਮ ਚੁੱਕਣ ਨਾਲ ਏਮਜ਼ ਵਿਚ ਲੈਵਲ 3 ਸਹੂਲਤਾਂ ਵਿਚ ਤੇਜ਼ੀ ਨਾਲ ਵਾਧਾ ਹੋਵੇਗਾ ਕਿਉਂਕਿ ਇਸ ਪਹਿਲਾਂ ਲੋੜੀਂਦੀ ਇਮਾਰਤ ਪਹਿਲਾਂ ਹੀ ਹੈ ਤੇ ਨਾਲ ਹੀ ਲੋੜੀਂਦੇ ਟੈਕਨੀਸ਼ੀਅਨ ਤੇ ਨਰਸਿੰਗ ਸਟਾਫ ਵੀ ਹੈ। ਸ਼੍ਰੀਮਤੀ ਬਾਦਲ ਨੇ ਇਹ ਵੀ ਦੱਸਿਆ ਕਿ ਏਮਜ ਮੈਨੇਜਮੈਂਟ ਨੇ 200 ਨਰਸਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਤਾਇਨਾਤ ਕਰਨ ਵਾਸਤੇ ਵੱਖਰੀਆਂ ਰੱਖੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਰਸਾਂ ਨੂੰ ਇਸ ਅਨੁਸਾਰ ਹੀ ਪੋਸਟਿੰਗ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਬੇਨਤੀ ਕਰਦੇ ਹਨ ਕਿ ਇਨ੍ਹਾਂ ਨਰਸਾਂ ਵਿਚੋਂ ਮਾਨਸਾ ਜ਼ਿਲ੍ਹੇ ਦੇ ਚਾਰ ਸਰਕਾਰੀ ਹਸਪਤਾਲਾਂ ਵਾਸਤੇ 50 ਨਰਸਾਂ ਦਿੱਤੀਆਂ ਜਾਣ ਕਿਉਂਕਿ ਇਸ ਪਛੜੇ ਜ਼ਿਲ੍ਹੇ ‘ਚ ਮੈਡੀਕਲ ਸਹੂਲਤਾਂ ਅਪਗ੍ਰੇਡ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਨਾਲ ਹੀ ਮਾਨਸਾ ਅਤੇ ਨਾਲ ਹੀ ਸਰਦੂਲਗੜ੍ਹ ਤੇ ਬੁਢਲਾਡਾ ਦੇ ਹਸਪਤਾਲਾਂ ਲਈ ਵੈਂਟੀਲੇਟਰ ਤੇ ਸਿਖਲਾਈ ਪ੍ਰਾਪਤ ਤਕਨੀਸ਼ੀਅਨ ਵੀ ਪ੍ਰਦਾਨ ਕੀਤੇ ਜਾਣ।
ਇਥੇ ਐਡਵਾਂਸ ਕੈਂਸਰ ਇੰਸਟੀਚਿਊਟ ਦੀ ਗੱਲ ਕਰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿਚ ਕੀਤੇ ਅਨੁਸਾਰ ਫਿਰ ਤੋਂ ਬੇਨਤੀ ਕਰਦੇ ਹਨ ਕਿ ਬਠਿੰਡਾ ਵਿਚ ਐਡਵਾਂਸ ਕੈਂਸਰ ਇੰਸਟੀਚਿਊਟ ਦੇ ਕੈਂਸਰ ਮਰੀਜ਼ਾਂ ਨੁੰ ਕੋਰੋਨਾ ਮਰੀਜ਼ਾਂ ਅੱਗੇ ਨਾ ਲਿਆਂਦਾ ਜਾਵੇ ਕਿਉਂਕਿ ਉਹਨਾਂ ਦੇ ਇਮਿਊਨਿਟੀ ਲੈਵਲ ਤਾਂ ਪਹਿਲਾਂ ਹੀ ਬਹੁਤ ਹੇਠਾਂ ਹਨ। ਉਹਨਾਂ ਕਿਹਾ ਕਿ ਉਹ ਖਬਰਾਂ ਦੀਆਂ ਕਾਤਰਾਂ ਵੀ ਨਾਲ ਭੇਜ ਰਹੇ ਹਨ ਜਿਹਨਾਂ ਵਿਚ ਦੱਸਿਆ ਹੈ ਕਿ ਕਿਵੇਂ ਕੈਂਸਰ ਹਸਪਤਾਲ ਵਿਚ ਕੋਰੋਨਾ ਵਾਰਡ ਖੁੱਲ੍ਹਣ ਦੇ ਕੁਝ ਹੀ ਦਿਨਾਂ ਅੰਦਰ ਸਟਾਫ ਤੇ ਮਰੀਜ਼ ਕੋਰੋਨਾਂ ਦੀ ਲਪੇਟ ਵਿਚ ਆਉਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਮਾਹਿਰਾਂ ਨੇ ਇਸ ਸੰਸਥਾ ਵਿਚ ਕੋਰੋਨਾ ਸਹੂਲਤ ਸ਼ੁਰੂ ਕਰਨ ਵਿਰੁੱਧ ਚੇਤਾਵਨੀ ਦਿੱਤੀ ਸੀ ਕਿਉਂਕਿ ਕੈਂਸਰ ਮਰੀਜ਼ਾਂ ਦਾ ਇਲਾਜ ਦੌਰਾਨ ਇਮਿਊਨਿਟੀ ਲੈਵਲ ਡਿੱਗ ਜਾਣ ਨਾਲ ਉਹ ਬਹੁਤ ਛੇਤੀ ਕੋਰੋਨਾ ਦੀ ਲਪੇਟ ਵਿਚ ਆ ਸਕਦੇ ਹਨ। ਉਹਨਾਂ ਕਿਹਾ ਕਿ ਇਹਨਾਂ ਤੱਥਾਂ ਨੂੰ ਵੇਖਦਿਆਂ ਸਰਕਾਰ ਨੂੰ ਇਸ ਸੰਸਥਾ ਵਿਚ ਕੋਰੋਨਾ ਸਹੂਲਤ ਸਥਾਪਿਤ ਕਰਨ ਦੇ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।