Rahul Gandhi appeals to Congress: ਅਰਬ ਸਾਗਰ ਤੋਂ ਉੱਠਿਆ ਇਸ ਸਾਲ ਦਾ ਪਹਿਲਾ ਚੱਕਰਵਾਤੀ ਤੂਫਾਨ ਤੌਕਾਤੇ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਸ਼ੁੱਕਰਵਾਰ ਨੂੰ ਕੇਰਲਾ ਦੇ ਕੋਟਾਯਮ ਤੱਟ ‘ਤੇ ਇਸ ਕਾਰਨ ਭਾਰੀ ਬਾਰਿਸ਼ ਹੋਈ । ਇਸ ਵਿਚਾਲੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਆਪਣੇ ਵਰਕਰਾਂ ਨੂੰ ਹਰ ਸੰਭਵ ਮਦਦ ਦੀ ਅਪੀਲ ਕੀਤੀ ਹੈ।
ਦਰਅਸਲ, ਇਸ ਸਬੰਧੀ ਰਾਹੁਲ ਗਾਂਧੀ ਨੇ ਇੱਕ ਟਵੀਟ ਵੀ ਕੀਤਾ ਹੈ । ਉਨ੍ਹਾਂ ਨੇ ਟਵੀਟ ਕਰਦਿਆਂ ਆਪਣੇ ਵਰਕਰਾਂ ਨੂੰ ਅਪੀਲ ਕੀਤੀ ਕਿ ਕੇਰਲਾ, ਮਹਾਰਾਸ਼ਟਰ, ਗੋਆ, ਤਾਮਿਲਨਾਡੂ, ਗੁਜਰਾਤ ਅਤੇ ਕਰਨਾਟਕ ਵਿੱਚ ਚੱਕਰਵਾਤੀ ਤੂਫ਼ਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਲਿਖਿਆ ਕਿ ਦੇਸ਼ ਦੇ ਕਈ ਇਲਾਕਿਆਂ ਵਿੱਚ ਤੌਕਾਤੇ ਕਾਰਨ ਪਹਿਲਾਂ ਹੀ ਬਾਰਿਸ਼ ਸ਼ੁਰੂ ਹੋ ਗਈ ਹੈ । ਮੈਂ ਕਾਂਗਰਸ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਉਨ੍ਹਾਂ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ।
ਦੱਸ ਦੇਈਏ ਕਿ ਮੌਸਮ ਵਿਭਾਗ ਦੇ ਅਨੁਸਾਰ ਵੀਰਵਾਰ ਨੂੰ ਅਰਬ ਸਾਗਰ ਅਤੇ ਲਕਸ਼ਦੀਪ ਦੇ ਖੇਤਰ ਵਿੱਚ ਇੱਕ ਦਬਾਅ ਵਾਲਾ ਖੇਤਰ ਬਣਿਆ ਸੀ ਅਤੇ ਤੂਫਾਨ ਦੇ ਸ਼ਨੀਵਾਰ ਤੱਕ ਡੂੰਘੇ ਦਬਾਅ ਵਿੱਚ ਬਦਲਣ ਦੀ ਉਮੀਦ ਹੈ । ਇੱਥੋਂ ਚੱਕਰਵਾਤੀ ਤੂਫਾਨ ਦਾ ਰੂਪ ਲੈਂਦੇ ਹੋਏ ਇਹ ਅਗਲੇ 24 ਘੰਟਿਆਂ ਵਿੱਚ ਹੋਰ ਅੱਗੇ ਵਧੇਗਾ।
ਗੌਰਤਲਬ ਹੈ ਕਿ ਚੱਕਰਵਾਤੀ ਤੂਫ਼ਾਨ ਤੌਕਾਤੇ ਨਾਲ ਨਜਿੱਠਣ ਲਈ ਪੰਜ ਰਾਜਾਂ ਵਿੱਚ NDRF ਦੀਆਂ 53 ਟੀਮਾਂ ਤਿਆਰ ਹਨ। NDRF ਦੇ ਡਾਇਰੈਕਟਰ ਜਨਰਲ ਐਸਐਨ ਪ੍ਰਧਾਨ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਦੱਸਿਆ ਕਿ ਇਨ੍ਹਾਂ ਵਿੱਚੋਂ 24 ਨੂੰ ਕੇਰਲਾ, ਕਰਨਾਟਕ, ਤਾਮਿਲਨਾਡੂ, ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਤਾਇਨਾਤ ਕੀਤਾ ਗਿਆ ਹੈ ਤੇ ਉੱਥੇ ਹੀ ਬਾਕੀ 29 ਟੀਮਾਂ ਨੂੰ ਤਿਆਰ ਰੱਖਿਆ ਗਿਆ ਹੈ ।