1255 Corona cases found in Ludhiana : ਲੁਧਿਆਣਾ ਵਿੱਚ ਕੋਰੋਨਾ ਨੇ ਆਪਣੇ ਪੈਰ ਪੂਰੀ ਤਰ੍ਹਾਂ ਪਸਾਰ ਲਏ ਹਨ। ਅੱਜ ਜ਼ਿਲ੍ਹੇ ਵਿੱਚ ਕੋਰੋਨਾ ਦੇ 1255 ਨਵੇਂ ਮਾਮਲੇ ਸਾਹਮਣੇ ਆਏ, ਇਸ ਦੇ ਨਾਲ ਹੀ 25 ਲੋਕਾਂ ਨੇ ਇਸ ਨਾਮੁਰਾਦ ਮਹਾਮਾਰੀ ਨਾਲ ਦਮ ਤੋੜਿਆ। ਹਾਲਾਂਕਿ ਰਾਹਤ ਵਾਲੀ ਗੱਲ ਇਹ ਹੈ ਕਿ ਅੱਜ ਬੀਤੇ ਦਿਨ ਦੇ ਮੁਕਾਬਲੇ ਕੁਝ ਕੇਸ ਘਟੇ ਹਨ। ਬੀਤੇ ਦਿਨ ਜ਼ਿਲ੍ਹੇ ਵਿੱਚ 1429 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਸਨ।
ਅੱਜ ਆਏ ਨਵੇਂ ਮਾਮਲਿਆਂ ਨਾਲ ਲੁਧਿਆਣਾ ਵਿੱਚ ਕੋਰੋਨਾ ਮਾਮਲਿਆਂ ਦੀ ਗਿਣਤੀ 74853 ਹੋ ਗਈ ਹੈ ਅਤੇ ਬਾਹਰਲੇ ਜ਼ਿਲ੍ਹਿਆਂ/ਸੂਬਿਆਂ ਦੇ ਮਾਮਲਿਆਂ ਦੀ ਗਿਣਤੀ 9787 ਹੈ। ਸਿਵਲ ਸਰਜਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅੱਜ ਕੋਰੋਨਾ ਨਾਲ ਜਾਨ ਗੁਆਉਣ ਵਾਲੇ ਲੋਕਾਂ ਵਿੱਚੋਂ 18 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਤ ਸਨ ਇਸ ਤੋਂ ਇਲਾਵਾ ਇੱਕ-ਇੱਕ ਹੁਸ਼ਿਆਰਪੁਰ, ਫਾਜ਼ਿਲਕਾ, ਦੋ ਸੰਗਰੂਰ ਜ਼ਿਲ੍ਹੇ ਤੋਂ ਅਤੇ ਦੋ ਜੰਮੂ-ਕਸ਼ਮੀਰ ਤੇ ਇੱਕ ਯੂਪੀ ਨਾਲ ਸੰਬੰਧਤ ਸੀ।
ਹੁਣ ਤੱਕ ਲੁਧਿਆਣਾ ਜ਼ਿਲ੍ਹੇ ਵਿੱਚ ਕੋਰੋਨਾ ਨਾਲ 1700 ਲੋਕ ਦਮ ਤੋੜ ਚੁੱਕੇ ਹਨ, ਜਿਨ੍ਹਾਂ ਵਿੱਚੋਂ 853 ਮੌਤਾਂ ਬਾਹਰਲੇ ਜ਼ਿਲ੍ਹਿਆਂ/ਸੂਬਿਆਂ ਨਾਲ ਸੰਬੰਧਤ ਹਨ। ਅੱਜ 145 ਲੋਕਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ ਅਤੇ 6913 ਨਵੇਂ ਆਰਟੀਪੀਸੀਆਰ ਸੈਂਪਲ ਟੈਸਟ ਲਈ ਭੇਜੇ ਗਏ ਹਨ।
ਇਹ ਵੀ ਪੜ੍ਹੋ : 18-44 ਸਾਲ ਵਾਲਿਆਂ ਲਈ ਵੈਕਸੀਨ ਖਰੀਦਣ ਅਤੇ ਵੰਡਣ ਲਈ ਭਾਰਤ ਸਰਕਾਰ ਦੀ ਇਕਲੌਤੀ ਏਜੰਸੀ ਬਣਾਏ ਕੇਂਦਰ : ਕੈਪਟਨ
ਸਿਵਲ ਸਰਜਨ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਮਾਸਕ ਜ਼ਰੂਰ ਪਹਿਨਣ। ਆਪਣੇ ਪਰਿਵਾਰ ਅਤੇ ਸਮਾਜ ਦੇ ਭਲੇ ਲਈ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰਨ ਤੇ ਸਿਹਤ ਵਿਭਾਗ ਦਾ ਸਹਿਯੋਗ ਕਰਨ।