ਰਾਜਦੀਪ ਬੈਨੀਪਾਲ
(ਲੇਖਕ ਡੇਲੀ ਪੋਸਟ ਪੰਜਾਬੀ ਦੇ ਐਡੀਟਰ ਇਨ ਚੀਫ ਹਨ )
ਅੱਜਕੱਲ੍ਹ ਪੰਜਾਬ ਪੁਲਿਸ ਖਾਸੀਆਂ ਸੁਰਖੀਆਂ ਦੇ ਵਿੱਚ ਹੈ। ਆਏ ਦਿਨੀਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਕੋਈ ਨਵਾਂ ਚੰਨ੍ਹ ਚੜਾਇਆ ਹੀ ਹੁੰਦਾ ਹੈ ਫਿਰ ਉਹ ਭਾਵੇਂ ਨੰਗੇ ਫੜੇ ਜਾਣ ਦਾ ਮਾਮਲਾ ਹੋਵੇ ਜਾਂ ਫਿਰ ਆਂਡੇ ਚੋਰੀ ਕਰਨ ਦੀਆਂ ਤਸਵੀਰਾਂ, ਉਹ ਭਾਵੇਂ ਰੇਹੜੀ ਨੂੰ ਲੱਤ ਮਾਰ ਕੇ ਸਬਜ਼ੀਆਂ ਖਿਲਾਰਣ ਦੀ ਗੱਲ ਹੋਵੇ ਜਾਂ ਫਿਰ ਕਿਸੇ ਗਰੀਬ ਦੀ ਦੁਕਾਨ ਦਾ ਸ਼ਟਰ ਚੁੱਕ ਕੇ ਕੱਟੇ ਜਾਣ ਦੇ ਚਲਾਨ ਦਾ ਮਾਮਲਾ ਹੋਵੇ, ਅਜਿਹੇ ਹੋਰ ਕਈ ਮਾਮਲੇ ਕੁੱਝ ਹੀ ਦਿਨਾਂ ਵਿੱਚ ਸੋਸ਼ਲ ਮੀਡੀਆ ਰਾਹੀਂ ਨਸ਼ਰ ਹੋਏ ਹਨ ਅਤੇ ਸਾਰੇ ਹੀ ਮਾਮਲਿਆਂ ਨੇ ਪੰਜਾਬ ਪੁਲਿਸ ਦੇ ਅਕਸ ਨੂੰ ਵਿਗਾੜਿਆ ਹੈ ਇਸ ਵਿੱਚ ਵੀ ਕੋਈ ਸ਼ੰਕਾ ਜਾਂ ਦੋ ਰਾਇ ਨਹੀਂ। ਹਾਲਾਂਕਿ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਪੰਜਾਬ ਦੇ ਡੀਜੀਪੀ ਵੱਲੋਂ ਸਖਤ ਐਕਸ਼ਨ ਜ਼ਰੂਰ ਲਿਆ ਗਿਆ ਪਰ ਇਹ ਐਕਸ਼ਨ ਇਸਲਈ ਵੀ ਹੋਇਆ ਸਮਝਿਆ ਜਾ ਰਿਹਾ ਹੈ ਕਿਉਂਕਿ ਇਸ ਸਾਰੇ ਮਾਮਲੇ ਸੋਸ਼ਲ ਮੀਡੀਆ ਦੀਆਂ ਸੁਰਖੀਆਂ ਬਣ ਗਏ ਸੀ ਪਰ ਜਿਹੜੇ ਮਾਮਲੇ ਸਾਹਮਣੇ ਆਉਂਦੇ ਹੀ ਨਹੀਂ ਉਨ੍ਹਾਂ ਵਿੱਚ ਪੁਲਿਸ ਦੀ ਜੋ ਵਧੀਕੀ ਸਾਹਮਣੇ ਆਉਂਦੀ ਹੈ ਉਹ ਲੂੰ ਕੰਡੇ ਖੜ੍ਹੇ ਕਰਨ ਵਾਲੀ ਹੁੰਦੀ ਹੈ। ਪੰਜਾਬ ਵਿੱਚ ਵੈਸੇ ਤੇ ਕਈ ਕਹਾਵਤਾਂ ਵੀ ਨੇ ਕਿ ‘ਗਾਰੇ ਦਾ ਤਿਲਕਿਆ ਤੇ ਪੁਲਿਸ ਦੇ ਕੁੱਟੇ ਦਾ ਕਾਹਦਾ ਗੁੱਸਾ’, ਜਾਂ ਫਿਰ ‘ਪੁਲਿਸ ਦੀ ਦੁਸ਼ਮਣੀ ਮਾੜ੍ਹੀ ਤੇ ਦੋਸਤੀ ਤਾਂ ਉਸ ਤੋਂ ਵੀ ਮਾੜ੍ਹੀ’ ਅਤੇ ਇਹਨਾਂ ਕਹਾਵਤਾਂ ਨੂੰ ਅੱਜ ਵੀ ਪੰਜਾਬ ਪੁਲਿਸ ਦੇ ਮੁਲਾਜ਼ਮ ਹਕੀਕਤ ਵਿੱਚ ਬਦਲਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਕਾਨੂੰਨ ਹੱਥਾਂ ਵਿੱਚ ਲੈਣ ਦਾ ਹੱਕ ਕਿਸੇ ਨੂੰ ਵੀ ਨਹੀਂ ਤੇ ਫਿਰ ਪੁਲਿਸ ਨੂੰ ਇਹ ਹੱਕ ਕਿਸਨੇ ਦਿੱਤਾ ? ਪੁਲਿਸ ਕੋਲ ਇਸ ਗੱਲ ਦੀ ਕੋਈ ਵਿਸ਼ੇਸ਼ ਰਿਆਇਤ ਨਹੀਂ ਕਿ ਉਹ ਕਿਸੇ ਵੀ ਕੇਸ ਵਿੱਚ ਮੁਲਜ਼ਮ ਨਾਲ ਕੋਈ ਧੱਕੇਸ਼ਾਹੀ ਜਾਂ ਕੁੱਟਮਾਰ ਕਰੇ ਪਰ ਰੋਕੇ ਕੌਣ ? ਜਿਨ੍ਹਾਂ ਨੇ ਰੋਕਣਾਂ ਉਹ ਤਾਂ ਆਪ ਧੱਕਾ ਕਰਵਾੳੇੁਂਦੇ ਦੇਖੇ ਜਾਂਦੇ ਹਨ। ਬਿਉਰੋਕ੍ਰੇਸੀ ਦੀ ਜੇਕਰ ਗੱਲ ਕਰੀਏ ਤਾਂ ‘ਅਧਿਕਾਰੀ, ਵਪਾਰੀ, ਪੁਜਾਰੀ ਤੇ ਦਰਬਾਰੀ, ਇਹ ਸਾਰੇ ਹੀ ਕੁਕਰਮ ਦੇ ਥੰਮ ਨੇ’ ਇਸ ਗੱਲ ਵਿੱਚ ਵੀ ਸ਼ਾਇਦ ਕੋਈ ਅੱਤਕਥਨੀ ਨਹੀਂ ਹੈ। ਪੁਲਿਸ ਦੇ ਅਕਸ ਨੂੰ ਢਾਹ ਲੱਗ ਕਿਉਂ ਰਹੀ ਹੈ, ਇਸਦੇ ਲਈ ਜ਼ਿੰਮੇਦਾਰ ਕੌਣ ਹੈ ? ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਜਵਾਬ ਦੀ ਉਡੀਕ ਵਿੱਚ ਹਨ ਤੇ ਇਨ੍ਹਾਂ ਸਾਰਿਆਂ ਦੇ ਪਿੱਛੇ ਸਿਆਸੀ ਦਬਾਅ, ਕੁਰੱਪਸ਼ਨ, ਪੁਲਿਸ ਦੀ ਲੰਬੀ ਡਿਊਟੀ ਵਰਗੇ ਮੁੱਖ ਕਾਰਣ ਹੋ ਸਕਦੇ ਹਨ। ਕੁਰੱਪਸ਼ਨ ਨੂੰ ਠੱਲ ਪਾਉਣ ਦੀ ਗੱਲਾਂ ਤਾਂ ਹੁੰਦੀ ਹਨ ਪਰ ਅੱਜ ਤੱਕ ਤੀਸਰੇ ਦਰਜੇ ਤੋਂ ਉਪਰ ਦੇ ਅਫਸਰ ਬਹੁਤ ਘੱਟ ਫੜੇ ਗਏ ਹਨ ਜਿਹੜੇ ਰਿਸ਼ਵਤ ਲੈਂਦੇ ਹੋਣ, ਜ਼ਿਆਦਾਤਰ ਇਹ ਤੀਜੇ ਦਰਜੇ ਵਾਲੇ ਹੀ ਫੜੇ ਜਾਂਦੇ ਹਨ। ਅਜਿਹਾ ਨਹੀਂ ਕਿ ਪਹਿਲੇ ਜਾਂ ਦੂਸਰੇ ਦਰਜੇ ਵਾਲੇ ਰਿਸ਼ਵਤ ਲੈਂਦੇ ਹੀ ਨਹੀਂ ਪਰ ਫੜੇ ਨਹੀਂ ਜਾਂਦੇ। ਇਹ ਵੀ ਨਹੀਂ ਕਿ ਸਾਰੇ ਹੀ ਕੁਰੱਪਟ ਹਨ, ਕਈ ਇਮਾਨਦਾਰ ਵੀ ਹਨ ਅਤੇ ਜਿਹੜੇ ਇਮਾਨਦਾਰ ਹੁੰਦੇ ਨੇ ਉਨ੍ਹਾਂ ਨੂੰ ਲੋਕ ਹੱਥੀਂ ਛਾਵਾਂ ਕਰਦੇ ਨੇ, ਇਹ ਵੀ ਦੇਖਣ ਨੂੰ ਮਿਲ ਜਾਂਦਾ ਹੈ। ਪੁਲਿਸ ਰੂਲਜ਼ ਵਿੱਚ ਪੁਲਿਸ ਦੇ ਮੁਲਾਜ਼ਮਾਂ ਨੂੰ ਸ਼ਾਲੀਨਤਾ ਦੇ ਨਾਲ ਡਿਊਟੀ ਕਰਨ ਲਈ ਕਿਹਾ ਜਾਂਦਾ ਹੈ। ਇਹ ਪਬਲਿਕ ਸਰਵੈਂਟਸ ਹੁੰਦੇ ਹਨ ਅਤੇ ਸਾਰੇ ਹੀ ਪਬਲਿਕ ਸਰਵੈਂਟਸ ਨੂੰ ਪਬਲਿਕ ਸਰਵੈਂਟਸ ਹੀ ਬਣ ਕੇ ਰਹਿਣਾ ਚਾਹੀਦਾ ਹੈ। ਪਬਲਿਕ ਸਰਵੈਂਟਸ ਲਈ 4ਡੀ ਰੂਲ ਅਤਿ ਜ਼ਰੂਰੀ ਹੈ ਜਿਸ ਵਿੱਚ ਡੀਸੈਂਸੀ, ਡੈਡੀਕੇਸ਼ਨ, ਡਿਿਸਪਲਿਨ ਅਤੇ ਡੈਕੋਰਮ ਸ਼ਾਮਲ ਹੁੰਦਾ ਹੈ ਅਤੇ ਜਿਸ ਕਿਸੇ ਵੀ ਪਬਲਿਕ ਸਰਵੈਂਟ ਕੋਲ ਇਨ੍ਹਾਂ ਵਿੱਚੋਂ ਕਿਸੇ ਇੱਕ ਦੀ ਵੀ ਘਾਟ ਹੈ ਉਹ ਇਸ ਤੇ ਖਰਾ ਨਹੀਂ ਉਤਰਦਾ। ਪੁਲਿਸ ਦਾ ਵਤੀਰਾ ‘ਬੰਦੇ ਦਾ ਪੁੱਤ ਬਣਾ ਦੇਆਂਗਾ’ ਵਾਲਾ ਆਖਿਰ ਹੈ ਕਿਉਂ ? ਇਸ ਸਵਾਲ ਦਾ ਜਵਾਬ ਲੱਭਿਆ ਤਾਂ ਪਤਾ ਲੱਗਦਾ ਹੈ ਕਿ ਪੁਲਿਸ ਅਜੇ ਵੀ ਅੰਗ੍ਰੇਜ਼ਾਂ ਦੀ ਸ਼ੈਲੀ ਮੁਤਾਬਕ ਕੰਮ ਕਰਦੀ ਹੈ। ਅੰਗ੍ਰੇਜ਼ਾਂ ਨੇ ਫੋਰਸ ਬਣਾਈ ਹੀ ਲੋਕਾਂ ਨੂੰ ਕੁੱਟਣ ਲਈ ਸੀ। ਘੋੜਿਆਂ ਤੇ ਪੁਲਿਸ ਲੋਕਾਂ ਦੀ ਆਵਾਜ਼ ਨੂੰ ਦੱਬਣ ਦਾ ਕੰਮ ਕਰਦੀ ਸੀ ਤੇ ਅਜੇ ਵੀ ਹਾਲਾਤ ਉਹ ਹੀ ਚੱਲ ਰਹੇ ਹਨ। ਪੁਲਿਸ ਆਪਣੀ ਸ਼ੈਲੀ ਵਿੱਚ ਸ਼ਾਲੀਨਤਾ ਲਿਆਉਣ ਵਿੱਚ ਸਫਲ ਹੀ ਨਹੀ ਹੋ ਸਕੀ ਤੇ ਸ਼ਾਇਦ ਇਹੋ ਕਾਰਣ ਹੈ ਕਿ ਜੋ ਬੀਤੇ ਦਿਨੀਂ ਵੀਡੀਓ ਵਾਇਰਲ ਹੋਈਆਂ। ਇਨ੍ਹਾਂ ਵੀਡੀਓਜ਼ ਨੇ ਪੰਜਾਬ ਪੁਲਿਸ ਦਾ ਅਕਸ ਵਿਗਾੜਿਆ ਹੈ ਇਹ ਪੂਰੀ ਤਰ੍ਹਾਂ ਠੀਕ ਹੈ ਪਰ ਇੱਥੇ ਇਹ ਵੀ ਜ਼ਰੂਰੀ ਹੈ ਕਿ ਜਿਹੜੇ ਪੁਲਿਸ ਅਫਸਰ ਅਤੇ ਮੁਲਾਜ਼ਮ ਸੇਵਾ ਵਿੱਚ ਲੱਗੇ ਹਨ ਉਨ੍ਹਾਂ ਨੂੰ ਸਾਡਾ ਸੈਲਯੂਟ ਕਰਨਾ ਵੀ ਬਣਦਾ ਹੈ। ਲੋੜ ਹੈ ਪੰਜਾਬ ਪੁਲਿਸ ਦੇ ਅਫਸਰਾਂ ਅਤੇ ਪੰਜਾਬ ਸਰਕਾਰ ਨੂੰ ਕਿ ਉਹ ਪੰਜਾਬ ਪੁਲਿਸ ਦੇ ਜਵਾਨਾਂ ਦੇ ਹੱਕਾਂ ਲਈ ਵੀ ਕੰਮ ਕਰੇ ਕਿਉਂਕਿ ਡਿਊਟੀ ਦਾ ਕੋਈ ਪੱਕਾ ਸਮਾਂ ਹੀ ਨਹੀਂ, ਇਨਫ੍ਰਾਸਟ੍ਰਕਚਰ ਦੀ ਘਾਟ ਹੈ, ਗੱਡੀਆਂ ‘ਚ ਪਾਉਣ ਲਈ ਤੇਲ ਤੱਕ ਨਹੀਂ ਦਿੱਤਾ ਜਾਂਦਾ, ਕੋਲੋਂ ਪੈਸੇ ਖਰਚ ਕੇ ਤਾਂ ਕਿਸੇ ਨੇ ਕੰਮ ਨਹੀਂ ਨਾਂ ਕਰਨਾ ਤੇ ਇਹ ਸਭ ਦੇਣਾ ਸਰਕਾਰ ਦੀ ਜ਼ਿੰਮੇਦਾਰੀ ਹੈ। ਪੁਲਿਸ ਦੀ ਡਿਊਟੀ ਸਮਾਂਬੱਧ ਢੰਗ ਨਾਲ ਕਰਵਾਈ ਜਾਵੇ ਇਸਦੇ ਲਈ ਲੋੜੀਂਦੀ ਭਰਤੀ ਕੀਤੀ ਜਾਣੀ ਚਾਹੀਦੀ ਹੈ ਤਾਂ ਸ਼ਾਇਦ ਅਜਿਹੀਆਂ ਵੀਡੀਓ ਆਉਣੀਆਂ ਘਟ ਜਾਣਗੀਆਂ ਅਤੇ ਲੋਕਾਂ ਤੇ ਤਸ਼ਦੱਦ ਕਰਨ ਵਾਲੇ ਪੁਲਿਸ ਮੁਲਾਜ਼ਮ ਵੀ ਸੁਰਦ ਜਾਣਗੇ।