Mastermind arrested from Amritsar : ਲੁਧਿਆਣਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਦੀ ਆਵਾਜ਼ ਵਿੱਚ ਕਾਂਗਰਸੀ ਨੇਤਾਵਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਟਿਕਟ ਦਿਵਾਉਣ ਦੇ ਨਾਂ ’ਤੇ ਠੱਗਣ ਵਾਲੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਦੋਸ਼ੀ ਦੀ ਪਛਾਣ ਗੌਰਵ ਸ਼ਰਮਾ ਉਰਫ ਗੋਰਾ ਵਜੋਂ ਹੋਈ ਹੈ ਜੋ ਕਿ ਅੰਮ੍ਰਿਤਸਰ ਦੇ ਮਜੀਠਾ ਮਾਰਗ ‘ਤੇ ਸਥਿਤ 88 ਫੁਟਾ ਰੋਡ ਦਾ ਰਹਿਣ ਵਾਲਾ ਹੈ। ਥਾਣਾ ਡੇਹਲੋਂ ਦੀ ਪੁਲਿਸ ਕਈ ਦਿਨਾਂ ਤੋਂ ਉਸਦੀ ਭਾਲ ਕਰ ਰਹੀ ਸੀ। ਉਸ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਚਾਰ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।
ਏਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਗੌਰਵ ਸ਼ਰਮਾ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੱਢਲੀ ਪੁੱਛਗਿੱਛ ਵਿੱਚ ਉਸਨੇ ਮੰਨਿਆ ਕਿ ਉਸਨੇ ਰਾਜਸਥਾਨ ਦੇ ਇੱਕ ਨੇਤਾ ਤੋਂ ਦੋ ਕਰੋੜ ਰੁਪਏ ਦੀ ਠੱਗੀ ਕੀਤੀ ਸੀ। ਇਸ ਮਾਮਲੇ ਵਿਚ ਰਾਜਸਥਾਨ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵੀ ਭੇਜਿਆ ਸੀ। ਉਹ 40 ਦਿਨਾਂ ਬਾਅਦ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਅਜੇ ਤੱਕ ਠੱਗੀ ਦੀ ਰਕਮ ਦੀ ਬਰਾਮਦਗੀ ਨਹੀਂ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਰਿਮਾਂਡ ਦੌਰਾਨ ਠੱਗੀ ਦੇ ਕਈ ਹੋਰ ਮਾਮਲਿਆਂ ਤੋਂ ਵੀ ਪਰਦਾ ਉਠਣ ਦੀ ਉਮੀਦ ਹੈ।
ਪੁਲਿਸ ਨੇ ਇਸ ਤੋਂ ਪਹਿਲਾਂ ਪਿਛਲੇ ਸ਼ੁੱਕਰਵਾਰ ਨੂੰ ਗੌਰਵ ਦੇ ਦੋ ਸਾਥੀ ਰਾਕੇਸ਼ ਕੁਮਾਰ ਉਰਫ ਭਸੀਨ ਅਤੇ ਰਜਤ ਕੁਮਾਰ ਪੀਏ ਉਰਫ ਰਾਜਾ ਉਰਫ ਮਦਨ ਨੂੰ ਗ੍ਰਿਫਤਾਰ ਕੀਤਾ ਸੀ। ਇਹ ਦੋਵੇਂ ਵੀ ਅੰਮ੍ਰਿਤਸਰ ਦੇ ਵਸਨੀਕ ਹਨ। ਤਿੰਨਾਂ ਨੇ ਮਿਲ ਕੇ ਵਿਧਾਨ ਸਭਾ ਚੋਣਾਂ ਵਿਚ ਟਿਕਟ ਦਾ ਵਾਅਦਾ ਕਰਕੇ ਪ੍ਰਸ਼ਾਂਤ ਕਿਸ਼ੋਰ ਦੇ ਨਾਮ ‘ਤੇ ਕਾਂਗਰਸੀ ਨੇਤਾਵਾਂ ਨਾਲ ਠੱਗੀ ਮਾਰੀ ਸੀ।
ਇਹ ਵੀ ਪੜ੍ਹੋ : ਪਟਿਆਲਾ ’ਚ ਕੋਰੋਨਾ ਕਰਕੇ ਫਰੰਟਲਾਈਨ ਵਾਰੀਅਰ ਡਾਕਟਰ ਦੀ ਹੋਈ ਮੌਤ
ਦੱਸਣਯੋਗ ਹੈ ਕਿ ਗੌਰਵ ਸ਼ਰਮਾ ਉਰਫ ਗੋਰਾ ਜੂਆ ਖੇਡਣ ਦਾ ਸ਼ੌਕੀਨ ਹੈ ਅਤੇ ਉਹ ਨੇਤਾਵਾਂ ਨਾਲ ਠੱਗੀ ਕਰਕੇ ਉਨ੍ਹਾਂ ਪੈਸਿਆਂ ਨਾਲ ਜੂਆ ਖੇਡਦਾ ਹੈ। ਉਸ ਦੇ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਨਾਲ ਵੀ ਸੰਬੰਧ ਹਨ। ਉਹ ਕਈਂ ਸੂਬਿਆਂ ਵਿੱਚ ਨਸ਼ਿਆਂ ਦੀ ਸਪਲਾਈ ਕਰਦਾ ਰਿਹਾ ਹੈ ਅਤੇ ਉਨ੍ਹਾਂ ਨੂੰ ਨਸ਼ਾ ਦੇ ਰਿਹਾ ਹੈ। ਉਸਦੇ ਖਿਲਾਫ ਪੰਜਾਬ ਅਤੇ ਰਾਜਸਥਾਨ ਵਿੱਚ ਧੋਖਾਧੜੀ ਅਤੇ ਨਸ਼ਾ ਤਸਕਰੀ ਦੇ ਪੰਜ ਕੇਸ ਦਰਜ ਹਨ।