Singapore rejects Kejriwal tweet: ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇਸ਼ ਵਿੱਚ ਤਬਾਹੀ ਮਚਾ ਰਹੀ ਹੈ । ਇਸੇ ਵਿਚਾਲੇ ਹੁਣ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਚੌਕਸੀ ਹੋਰ ਵੀ ਵੱਧ ਗਈ ਹੈ । ਇਸ ਵਿਚਾਲੇ ਬੀਤੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਦੇ ‘ਸਿੰਗਾਪੁਰ ਸਟ੍ਰੈਨ’ ਨੂੰ ਲੈ ਕੇ ਚੇਤਾਵਨੀ ਦਿੱਤੀ ਸੀ ਅਤੇ ਭਾਰਤ ਸਰਕਾਰ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ ।
ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਅਰਵਿੰਦ ਕੇਜਰੀਵਾਲ ਦੇ ਦੋਸ਼ਾਂ ਦਾ ਜਵਾਬ ਦਿੱਤਾ ਅਤੇ ਹੁਣ ਸਿੰਗਾਪੁਰ ਦੀ ਸਰਕਾਰ ਨੇ ਵੀ ਇਸ ‘ਤੇ ਸਖਤ ਇਤਰਾਜ਼ ਜਤਾਇਆ ਹੈ । ਇਸ ਦੇ ਨਾਲ ਹੀ ਭਾਰਤੀ ਹਾਈ ਕਮਿਸ਼ਨਰ ਨੂੰ ਤਲਬ ਕਰਦਿਆਂ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ।
ਦਰਅਸਲ, ਭਾਰਤ ਵਿੱਚ ਮੌਜੂਦ ਸਿੰਗਾਪੁਰ ਦੇ ਦੂਤਘਰ ਨੇ ਮੁੱਖ ਮੰਤਰੀ ਕੇਜਰੀਵਾਲ ਦੇ ਟਵੀਟ ਦਾ ਜਵਾਬ ਦਿੱਤਾ । ਜਿਸ ਵਿੱਚ ਕਿਹਾ ਗਿਆ ਹੈ ਕਿ ਸਿੰਗਾਪੁਰ ਵਿੱਚ ਕੋਰੋਨਾ ਦੇ ਨਵੇਂ ਸਟ੍ਰੇਨ ਪਾਏ ਜਾਣ ਦੀ ਗੱਲ ਵਿੱਚ ਕੋਈ ਸੱਚਾਈ ਨਹੀਂ ਹੈ। ਟੈਸਟਿੰਗ ਦੇ ਅਧਾਰ ‘ਤੇ ਇਹ ਪਤਾ ਲੱਗਿਆ ਹੈ ਕਿ ਕੋਰੋਨਾ ਦਾ ਸਿਰਫ B.1.617.2 ਵੈਰੀਐਂਟ ਹੀ ਸਿੰਗਾਪੁਰ ਵਿੱਚ ਪਾਇਆ ਗਿਆ ਹੈ, ਜੋ ਕਿ ਭਾਰਤ ਵਿੱਚ ਪੈਦਾ ਹੋਇਆ ਹੈ। ਇਸ ਵਿੱਚ ਬੱਚਿਆਂ ਨਾਲ ਜੁੜੇ ਕੁਝ ਕੇਸ ਵੀ ਸ਼ਾਮਿਲ ਹਨ।
ਇਹ ਵੀ ਪੜ੍ਹੋ: ਆਸਟ੍ਰੇਲੀਆ ਨੇ ਸਕੂਲਾਂ ‘ਚ ਕਿਰਪਾਨ ਪਹਿਨਣ ‘ਤੇ ਲਗਾਈ ਪਾਬੰਦੀ, ਸਿੱਖ ਭਾਈਚਾਰੇ ਨੇ ਜਤਾਈ ਨਰਾਜ਼ਗੀ
ਇਸ ਬਾਰੇ ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਾਅਵੇ ਦਾ ਖੰਡਨ ਕੀਤਾ ਹੈ । ਸਿੰਗਾਪੁਰ ਦੇ ਦੂਤਾਵਾਸ ਨੇ ਵੀ ਆਪਣੇ ਟਵੀਟ ਵਿੱਚ ਇੱਕ ਲਿੰਕ ਨੂੰ ਵੀ ਜੋੜਿਆ ਹੈ ।
ਦਰਅਸਲ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਿਆਨ ‘ਤੇ ਹੰਗਾਮਾ ਹੋ ਗਿਆ ਹੈ। ਕੇਜਰੀਵਾਲ ਦੇ ਬਿਆਨ ਤੋਂ ਨਾਰਾਜ਼ ਸਿੰਗਾਪੁਰ ਸਰਕਾਰ ਨੇ ਭਾਰਤੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਹੈ ਅਤੇ ਨਵੇਂ ਵੈਰੀਐਂਟ ਵਾਲੇ ਬਿਆਨ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।
ਇਹ ਵੀ ਪੜ੍ਹੋ: ਚੱਕਰਵਾਤੀ ਤੂਫ਼ਾਨ ਤੌਕਤੇ ਦਾ ਅਸਰ, ਦਿੱਲੀ-ਰਾਜਸਥਾਨ ਸਣੇ ਇਨ੍ਹਾਂ ਰਾਜਾਂ ‘ਚ ਹੋ ਸਕਦੀ ਹੈ ਭਾਰੀ ਬਾਰਿਸ਼
ਦੱਸ ਦੇਈਏ ਕਿ ਮੰਗਲਵਾਰ ਨੂੰ ਇੱਕ ਟਵੀਟ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਵਾਇਰਸ ਦਾ ਇਹ ਨਵਾਂ ਰੂਪ ਤੀਜੀ ਲਹਿਰ ਦੇ ਰੂਪ ਵਿੱਚ ਭਾਰਤ ਵਿੱਚ ਦਸਤਕ ਦੇ ਸਕਦਾ ਹੈ।
ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਸਿੰਗਾਪੁਰ ਵਿੱਚ ਮਿਲਿਆ ਕੋਰੋਨਾ ਦਾ ਨਵਾਂ ਰੂਪ ਬੱਚਿਆਂ ਲਈ ਬਹੁਤ ਖਤਰਨਾਕ ਦੱਸਿਆ ਜਾ ਰਿਹਾ ਹੈ। ਭਾਰਤ ਵਿੱਚ ਇਹ ਤੀਜੀ ਲਹਿਰ ਦੇ ਰੂਪ ਵਿੱਚ ਆ ਸਕਦਾ ਹੈ। ਕੇਂਦਰ ਸਰਕਾਰ ਨੂੰ ਮੇਰੀ ਅਪੀਲ ਹੈ- 1. ਸਿੰਗਾਪੁਰ ਨਾਲ ਹਵਾਈ ਸੇਵਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਣਾ ਚਾਹੀਦਾ ਹੈ। 2. ਬੱਚਿਆਂ ਲਈ ਟੀਕੇ ਦੇ ਵਿਕਲਪਾਂ ‘ਤੇ ਵੀ ਪਹਿਲ ਦੇ ਅਧਾਰ ‘ਤੇ ਕੰਮ ਹੋਣਾ ਚਾਹੀਦਾ ਹੈ।”