ਦੁਨੀਆ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਭਾਰਤ ਦੇ ਗੁਆਂਢੀ ਦੇਸ਼ ਵਿੱਚ ਵੀ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਸਨ, ਪਰ ਹੁਣ ਉੱਥੇ ਕੋਰੋਨਾ ਦੇ ਮਾਮਲਿਆਂ ਦੀ ਰਫਤਾਰ ਘੱਟ ਜਾਣ ਕਾਰਨ 24 ਮਈ ਤੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਗਾਈਆਂ ਗਈਆਂ ਬਹੁਤ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ ।
ਇਸ ਸਬੰਧੀ ਨੈਸ਼ਨਲ ਕਮਾਂਡ ਐਂਡ ਕਾਰਪੋਰੇਸ਼ਨ ਸੈਂਟਰ ਵੱਲੋਂ ਐਲਾਨ ਕੀਤਾ ਗਿਆ ਹੈ । ਨੈਸ਼ਨਲ ਕਮਾਂਡ ਐਂਡ ਕਾਰਪੋਰੇਸ਼ਨ ਸੈਂਟਰ ਨੇ ਐਲਾਨ ਕਰਦਿਆਂ ਕਿਹਾ ਕਿ ਜਿਹੜੇ ਜ਼ਿਲ੍ਹਿਆਂ ਵਿੱਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ 5 ਫੀਸਦੀ ਤੋਂ ਘੱਟ ਹਨ ਉੱਥੇ ਵਿਦਿਅਕ ਸੰਸਥਾਵਾਂ ਨੂੰ ਵੀ ਖੋਲ਼੍ਹ ਦਿੱਤਾ ਜਾਵੇਗਾ । ਇਸ ਤੋਂ ਇਲਾਵਾ ਆਊਟਡੋਰ ਰੋਸਟੋਰੈਂਟ ਨੂੰ ਵੀ ਖੋਲ੍ਹ ਦਿੱਤਾ ਜਾਵੇਗਾ ।
ਦਰਅਸਲ, ਨੈਸ਼ਨਲ ਕਮਾਂਡ ਐਂਡ ਕਾਰਪੋਰੇਸ਼ਨ ਸੈਂਟਰ ਵੱਲੋਂ ਇੱਕ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਇਹ ਫੈਸਲੇ ਲਏ ਗਏ ਹਨ । ਇਸ ਮੀਟਿੰਗ ਦੀ ਪ੍ਰਧਾਨਗੀ NCOC ਦੇ ਮੁਖੀ ਅਸਦ ਉਮਰ ਵੱਲੋਂ ਕੀਤੀ ਗਈ ਸੀ। ਇਸ ਮੀਟਿੰਗ ਤੋਂ ਬਾਅਦ ਇੱਕ ਪ੍ਰੈੱਸ ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਵਿੱਚ 24 ਮਈ ਤੋਂ ਰੈਸਟੋਰੈਂਟ ਸਵੇਰੇ ਤੋਂ ਲੈ ਕੇ ਰਾਤ 12 ਵਜੇ ਤੱਕ ਲਈ ਖੁੱਲ੍ਹ ਸਕਣਗੇ ।
ਇਸ ਤੋਂ ਇਲਾਵਾ 5 ਫੀਸਦੀ ਤੋਂ ਘੱਟ ਕੋਰੋਨਾ ਮਾਮਲਿਆਂ ਵਾਲੇ ਜ਼ਿਲ੍ਹਿਆਂ ਵਿੱਚ ਸਾਰੀਆਂ ਵਿਦਿਅਕ ਸੰਸਥਾਵਾਂ ਵੀ ਖੋਲ੍ਹੀਆਂ ਜਾ ਸਕਣਗੀਆਂ । ਇਸਦੇ ਨਾਲ ਹੀ 1 ਜੂਨ ਤੋਂ ਬਾਅਦ ਵਿਆਹ ਕਰਨਾ ਸੰਭਵ ਹੋ ਸਕੇਗਾ ਪਰ ਇਸ ਵਿੱਚ ਸਿਰਫ 150 ਲੋਕ ਹੀ ਸ਼ਾਮਿਲ ਹੋ ਸਕਣਗੇ।
ਇਸ ਸਬੰਧੀ ਸਿੱਖਿਆ ਮੰਤਰਾਲੇ ਅਨੁਸਾਰ 20 ਜੂਨ ਤੋਂ ਬਾਅਦ ਦੇਸ਼ ਵਿੱਚ ਮੈਟ੍ਰਿਕ ਅਤੇ ਇੰਟਰਮੀਡੀਏਟ ਸਮੇਤ ਸਾਰੀਆਂ ਪੇਸ਼ੇਵਰ ਅਤੇ ਗੈਰ-ਪੇਸ਼ੇਵਰ ਪ੍ਰੀਖਿਆਵਾਂ ਵੀ ਕਰਵਾਈਆਂ ਜਾਣਗੀਆਂ । ਹਾਲਾਂਕਿ ਇਹ ਉੱਥੇ ਆਉਣ ਵਾਲੇ ਕੋਰੋਨਾ ਦੇ ਨਵੇਂ ਮਾਮਲਿਆਂ ‘ਤੇ ਤੈਅ ਕਰੇਗੀ । ਦੱਸ ਦੇਈਏ ਕਿ ਇਸ ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਰੋਜ਼ਾਨਾ ਇਸ ਨੂੰ ਲੈ ਕੇ ਇੱਕ ਸਮੀਖਿਆ ਮੀਟਿੰਗ ਹੋਵੇਗੀ, ਜਿਸ ਵਿੱਚ ਜ਼ਮੀਨੀ ਹਕੀਕਤ ਦੀ ਜਾਂਚ ਕੀਤੀ ਜਾਵੇਗੀ।