oxygen cylinder sale in black: ਮੁਹਾਲੀ ਪੁਲਿਸ ਨੇ ਸਿਵਲ ਹਸਪਤਾਲ ਵਿਚ ਮੈਡੀਕਲ ਆਕਸੀਜਨ ਸਲੰਡਰਾਂ ਦੀ ਵਿਕਰੀ ਦੇ ਕਾਲੇ ਧੰਦੇ ਦਾ ਪਰਦਾਫ਼ਾਸ਼ ਕਰਦਿਆਂ ਇਕ ਪ੍ਰਾਈਵੇਟ ਕੰਪਨੀ ਦੇ ਕਾਰਿੰਦੇ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐਸਪੀ ਦਲਸ਼ਰ ਸਿੰਘ ਸੰਧੂ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਮੈਡੀਕਲ ਆਕਸੀਜਨ ਸਪਲਾਈ ਦੇ ਪ੍ਰਬੰਧ ਅਤੇ ਕੰਟਰੋਲ ਲਈ ‘ਮੈਕ ਟੈਕ ਇੰਜਨੀਅਰਜ਼’ ਨਾਮੀ ਕੰਪਨੀ ਨੂੰ ਠੇਕਾ ਦਿਤਾ ਹੋਇਆ ਹੈ। ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਕੰਪਨੀ ਦਾ ਇਕ ਕਾਰਿੰਦਾ ਹਸਪਤਾਲ ਵਿਚ ਆਉਣ ਵਾਲੇ ਸਲੰਡਰ ਚੋਰੀ-ਛਿਪੇ ਬਾਹਰ ਵੇਚਦਾ ਹੈ ਅਤੇ ਬਦਲੇ ਵਿਚ ਕਾਫ਼ੀ ਪੈਸੇ ਲੈਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਬਾਬਤ ਪਤਾ ਲੱਗਣ ’ਤੇ ਉਨ੍ਹਾਂ ਤੁਰੰਤ ਇਹ ਮਾਮਲਾ ਸਿਹਤ ਵਿਭਾਗ ਦੇ ਧਿਆਨ ਵਿਚ ਲਿਆਂਦਾ ਜਿਨ੍ਹਾਂ ਪੁਲਿਸ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਹੁਕਮ ਦਿੱਤੇ। ਇਸ ਦੌਰਾਨ ਸਿਹਤ ਵਿਭਾਗ ਦੇ ਇਕ ਮੁਲਾਜ਼ਮ ਨੇ ਗਾਹਕ ਬਣ ਕੇ ਉਕਤ ਕਾਰਿੰਦੇ ਨੂੰ ਸਲੰਡਰ ਖ਼ਰੀਦਣ ਲਈ ਫ਼ੋਨ ਕੀਤਾ ਅਤੇ ਫ਼ੋਨ ’ਤੇ ਹੀ 22 ਹਜ਼ਾਰ ਰੁਪਏ ਪ੍ਰਤੀ ਸਲੰਡਰ ਸੌਦਾ ਤੈਅ ਹੋਇਆ। ਇਸ ਤੋਂ ਬਾਅਦ ਸਿਹਤ ਵਿਭਾਗ ਦਾ ਮੁਲਾਜ਼ਮ ਕਾਰਿੰਦੇ ਦੁਆਰਾ ਦੱਸੀ ਹੋਈ ਥਾਂ-ਸਿਵਲ ਹਸਪਤਾਲ ਦੇ ਪਿੱਛੇ ਉਕਤ ਕਾਰਿੰਦੇ ਨੇ ਆਕਸੀਜਨ ਦਾ ਸਲੰਡਰ ਤੁਰੰਤ ਉਸ ਦੀ ਗੱਡੀ ਵਿਚ ਰਖਵਾ ਦਿਤਾ ਅਤੇ ਬਦਲੇ ਵਿਚ ਨੋਟ ਲੈ ਲਏ। ਮੌਕੇ ’ਤੇ ਤੈਨਾਤ ਪੁਲਿਸ ਦੀ ਟੀਮ ਨੇ ਤੁਰੰਤ ਉਕਤ ਕਾਰਿੰਦੇ ਨੂੰ ਰੰਗੇ-ਹੱਥੀਂ ਕਾਬੂ ਕਰ ਕੇ ਹਿਰਾਸਤ ਵਿਚ ਲੈ ਲਿਆ ਅਤੇ ਉਸ ਕੋਲੋਂ ਪੁੱਛਗਿਛ ਜਾਰੀ ਹੈ। ਇਸ ਕਾਰਿੰਦੇ ਦੀ ਪਛਾਣ ਰਾਹੁਲ ਵਜੋਂ ਹੋਈ ਹੈ।