Curd Eating tips: ਦਹੀਂ ‘ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਨੂੰ ਲੈਣ ਨਾਲ ਸਰੀਰ ‘ਚ ਪੌਸ਼ਟਿਕ ਤੱਤਾਂ ਦੀ ਕਮੀ ਪੂਰੀ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਬਦਹਜ਼ਮੀ, ਕਬਜ਼, ਗੈਸ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਲਈ ਦਹੀ ਬਹੁਤ ਲਾਭਕਾਰੀ ਹੈ। ਜਿੱਥੇ ਦਹੀਂ ਸਾਡੇ ਸਰੀਰ ਲਈ ਚੰਗਾ ਹੁੰਦਾ ਹੈ ਉੱਥੇ ਹੀ ਜੇਕਰ ਇਸ ਨੂੰ ਗਲਤ ਚੀਜ਼ਾਂ ਨਾਲ ਖਾਧਾ ਜਾਵੇ ਤਾਂ ਇਹ ਫਾਇਦੇ ਦੀ ਜਗ੍ਹਾ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਫੂਡਜ਼ ਬਾਰੇ ਦੱਸਾਂਗੇ ਜਿਨ੍ਹਾਂ ਨਾਲ ਦਹੀਂ ਨਹੀਂ ਖਾਣਾ ਚਾਹੀਦਾ।
ਅੰਬ ਦੇ ਨਾਲ ਦਹੀਂ: ਅੰਬ ਅਤੇ ਦਹੀਂ ਦਾ ਇਕੱਠੇ ਸੇਵਨ ਕਰਨਾ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਸਰੀਰ ‘ਚ ਜ਼ਹਿਰੀਲੇਪਨ ਪਦਾਰਥ ਪੈਦਾ ਹੁੰਦੇ ਹਨ ਅਤੇ ਸਕਿਨ ਸੰਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਕਿਉਂਕਿ ਦੋਨਾਂ ਦੀ ਤਾਸੀਰ ਅਲੱਗ-ਅਲੱਗ ਹੁੰਦੀ ਹੈ। ਹਾਲਾਂਕਿ ਲੋਕ ਦਾਲ ਨਾਲ ਰਾਇਤਾ ਖਾਣਾ ਪਸੰਦ ਕਰਦੇ ਹਨ ਪਰ ਇਹ ਸਰੀਰ ਲਈ ਚੰਗਾ ਨਹੀਂ ਹੁੰਦਾ। ਦਹੀਂ ਨੂੰ ਦਾਲ ਨਾਲ ਖਾਣ ਨਾਲ ਗੈਸ, ਐਸਿਡਿਟੀ, ਦਸਤ ਅਤੇ ਸੋਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਪਿਆਜ਼ ਸਰੀਰ ‘ਚ ਗਰਮੀ ਪੈਦਾ ਕਰਦਾ ਹੈ ਜਦੋਂ ਕਿ ਦਹੀਂ ਠੰਡਾ ਹੁੰਦਾ ਹੈ। ਅਜਿਹੇ ‘ਚ ਜੇ ਤੁਸੀਂ ਦਹੀਂ ਦੇ ਨਾਲ ਪਿਆਜ਼ ਖਾਓਗੇ ਤਾਂ ਤੁਹਾਨੂੰ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ। ਠੰਡਾ ਅਤੇ ਗਰਮ ਇਕੱਠੇ ਖਾਣ ਨਾਲ ਸਰੀਰ ‘ਤੇ ਧੱਫੜ, ਐਕਜਿਮਾ ਦੇ ਨਾਲ ਨਾਲ ਐਸਿਡਿਟੀ, ਗੈਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਦਹੀ ਅਤੇ ਪਰਾਂਠਾ: ਭਾਰਤੀ ਲੋਕ ਪਰਾਂਠੇ ਨਾਲ ਦਹੀ ਖਾਣਾ ਪਸੰਦ ਕਰਦੇ ਹਨ। ਪਰ ਦਹੀਂ ਨਾਲ ਤੇਲ ਵਾਲੀਆਂ ਚੀਜ਼ਾਂ ਖਾਣ ਨਾਲ ਪਾਚਨ ਹੌਲੀ ਹੋ ਜਾਂਦਾ ਹੈ। ਜਿਸ ਕਾਰਨ ਸੁਸਤੀ ਅਤੇ ਥਕਾਵਟ ਮਹਿਸੂਸ ਹੁੰਦੀ ਹੈ। ਜੇ ਤੁਸੀਂ ਵੀ ਦਹੀ ਦੇ ਨਾਲ ਮੱਛੀ ਖਾਂਦੇ ਹੋ ਤਾਂ ਇਸਨੂੰ ਅੱਜ ਹੀ ਬੰਦ ਕਰ ਦਿਓ। ਇਸ ਤਰ੍ਹਾਂ ਕਰਨ ਨਾਲ ਤੁਸੀਂ ਕਈ ਕਿਸਮਾਂ ਦੀਆਂ ਬਿਮਾਰੀਆਂ ਦਾ ਸੱਦਾ ਦੇ ਰਹੇ ਹੋ। ਦੋਵੇਂ ਇਕੱਠੇ ਲੈਣ ਨਾਲ ਬਦਹਜ਼ਮੀ ਅਤੇ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਕਦੋਂ ਦਹੀਂ ਖਾਣਾ ਚਾਹੀਦਾ ਹੈ: ਦਹੀਂ ਖਾਲੀ ਪੇਟ ਨਹੀਂ ਖਾਣਾ ਚਾਹੀਦਾ। ਇਹ ਪੇਟ ‘ਚ ਐਸਿਡ ਬਣਾਉਂਦਾ ਹੈ। ਦੁਪਹਿਰ ਦੇ ਖਾਣੇ ਤੋਂ 1-2 ਘੰਟੇ ਬਾਅਦ ਤੁਸੀਂ ਦਹੀਂ ਦਾ ਸੇਵਨ ਕਰ ਸਕਦੇ ਹੋ। ਨਾਲ ਹੀ ਇਕ ਦਿਨ ‘ਚ 1-2 ਕੱਪ ਤੋਂ ਵੱਧ ਨਹੀਂ ਦਹੀਂ ਖਾਣਾ ਚਾਹੀਦਾ। ਜੇ ਤੁਸੀਂ ਰਾਤ ਨੂੰ ਦਹੀਂ ਖਾਣਾ ਹੀ ਹੈ ਤਾਂ ਇਸ ‘ਚ ਖੰਡ ਜਾਂ ਮਿਰਚ ਪਾਓ। ਇਸ ਨਾਲ ਪਾਚਨ ਸਹੀ ਰਹੇਗਾ ਅਤੇ ਸਰੀਰ ‘ਚ ਬਲਗਮ ਦਾ ਗਠਨ ਨਹੀਂ ਹੋਵੇਗਾ।