ਬੰਗਲਾਦੇਸ਼ ਖ਼ਿਲਾਫ਼ ਪਹਿਲੇ ਵਨਡੇ ਅੰਤਰ-ਰਾਸ਼ਟਰੀ ਕ੍ਰਿਕਟ ਮੈਚ ਤੋਂ ਕੁਝ ਘੰਟੇ ਪਹਿਲਾਂ ਸ੍ਰੀਲੰਕਾ ਦੀ ਟੀਮ ਦੇ ਤਿੰਨ ਮੈਂਬਰ ਕੋਰੋਨਾ ਦੀ ਜਾਂਚ ਵਿੱਚ ਪਾਜ਼ੀਟਿਵ ਪਾਏ ਗਏ ਹਨ । ਦੱਸ ਦੇਈਏ ਕਿ ਸ਼੍ਰੀਲੰਕਾ ਨੂੰ ਬੰਗਲਾਦੇਸ਼ ਖਿਲਾਫ ਤਿੰਨ ਵਨਡੇ ਮੈਚਾਂ ਦੀ ਲੜੀ ਖੇਡਣੀ ਹੈ । ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿਚਾਲੇ ਐਤਵਾਰ ਯਾਨੀ ਕਿ ਅੱਜ ਪਹਿਲਾ ਵਨਡੇ ਮੈਚ ਖੇਡਿਆ ਜਾਣਾ ਹੈ ।
ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਸੀਰੀਜ਼ ਦਾ ਦੂਜਾ ਮੈਚ 25 ਮਈ ਨੂੰ ਖੇਡਿਆ ਜਾਵੇਗਾ ਜਦਕਿ ਤੀਜਾ ਅਤੇ ਆਖਰੀ ਮੈਚ 28 ਮਈ ਨੂੰ ਖੇਡਿਆ ਜਾਵੇਗਾ । ਇੱਕ ਰਿਪੋਰਟ ਦੇ ਅਨੁਸਾਰ, “ਬੰਗਲਾਦੇਸ਼ ਖਿਲਾਫ ਢਾਕਾ ਵਿੱਚ ਹੋਣ ਵਾਲੇ ਪਹਿਲੇ ਵਨਡੇ ਮੈਚ ਤੋਂ ਪਹਿਲਾਂ ਸ਼੍ਰੀਲੰਕਾ ਦੇ ਦੋ ਖਿਡਾਰੀਆਂ ਅਤੇ ਕੋਚਾਂ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ।”
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਮੈਚ ਨੂੰ ਰੱਦ ਹੋਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ । ਇਸ ਦੇ ਨਾਲ ਹੀ ਕੁਝ ਹੋਰ ਰਿਪੋਰਟਾਂ ਦੇ ਅਨੁਸਾਰ, ਕੋਚ ਜਿਸ ਦੀ ਕੋਰੋਨਾ ਜਾਂਚ ਰਿਪੋਰਟ ਪਾਜ਼ੀਟਿਵ ਆਈ ਹੈ, ਉਹ ਗੇਂਦਬਾਜ਼ੀ ਕੋਚ ਚਮਿੰਡਾ ਵਾਸ ਹੈ ਜਦੋਂ ਕਿ ਖਿਡਾਰੀ ਇਸਰੂ ਉਦਾਨਾ ਅਤੇ ਸ਼ੇਰੇਨ ਫਰਨਾਂਡੋ ਹਨ। ਤਿੰਨ ਮੈਚਾਂ ਦੀ ਇਹ ਸੀਰੀਜ਼ ਵਿਸ਼ਵ ਕੱਪ ਸੁਪਰ ਲੀਗ ਦਾ ਹਿੱਸਾ ਹੈ।
ਦੱਸ ਦੇਈਏ ਕਿ ਸ੍ਰੀਲੰਕਾ ਦੀ ਟੀਮ ਵ੍ਹਾਈਟ ਬਾਲ ਸੀਰੀਜ਼ ਖੇਡਣ ਦੇ ਇਰਾਦੇ ਨਾਲ ਬੰਗਲਾਦੇਸ਼ ਦੇ ਦੌਰੇ ‘ਤੇ ਹੈ । ਇਹ ਸੀਰੀਜ਼ ਵਨਡੇ ਮੈਚਾਂ ਨਾਲ ਸ਼ੁਰੂ ਹੋ ਕੇ ਟੀ -20 ਸੀਰੀਜ਼ ਨਾਲ ਖਤਮ ਹੋਣੀ ਹੈ। ਅਜਿਹੇ ਵਿੱਚ ਸ੍ਰੀਲੰਕਾ ਦੀ ਟੀਮ ਵੱਡੀਆਂ ਤਬਦੀਲੀਆਂ ਨਾਲ ਬੰਗਲਾਦੇਸ਼ ਪਹੁੰਚ ਗਈ ਹੈ, ਜਿਸ ਵਿੱਚ ਕਪਤਾਨੀ, ਉਪ-ਕਪਤਾਨੀ ਵਰਗੇ ਬਦਲਾਅ ਸ਼ਾਮਿਲ ਹੈ । ਸ਼੍ਰੀਲੰਕਾ ਦੀ ਟੀਮ ਵਿੱਚ ਇਹ ਬਦਲਾਅ ਸਾਲ 2023 ਦੇ ਵਿਸ਼ਵ ਕੱਪ ਲਈ ਟੀਮ ਬਣਾਉਣ ਲਈ ਕੀਤੇ ਗਏ ਹਨ।