Asha singh Mastana news: ਅੱਜ ਪੰਜਾਬੀ ਸੰਗੀਤ ਜਗਤ ਦੇ ਬ੍ਰਹਿਮੰਡ ਵਿੱਚ ਧਰੂਹ ਤਾਰੇ ਵਾਂਗ ਆਪਣੀ ਵਡਮੁਲੀ ਵਿਲੱਖਣ ਅਲੌਕਿਕ ਹੋਂਦ ਨੂੰ ਸਥਾਪਿਤ ਕਰਨ ਵਾਲੇ ਸੀਨੀਅਰ ਸਿਰਮੌਰ ਵਿਸ਼ਵ ਪ੍ਰਸਿੱਧ ਗਾਇਕ ਤੇ ਗੀਤਕਾਰ ਪਦੱਮ ਸ਼੍ਰੀ ਸਤਿਕਾਰਯੋਗ ਸ਼੍ਰੀ ਆਸਾ ਸਿੰਘ ਮਸਤਾਨਾ ਜੀ ਦੀ ਬਰਸੀ ਹੈ।
ਉਹ ਅੱਜ ਦੇ ਦਿਨ ਆਪਣੇ ਅਣਗਿਣਤ ਸਰੋਤਿਆਂ, ਪ੍ਰਸ਼ੰਸਕਾਂ, ਦਰਸ਼ਕਾਂ ਅਤੇ ਉਪਾਸ਼ਕਾਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਸਨ। ਸਤਿਕਾਰਯੋਗ ਸ਼ੀ੍ ਮਸਤਾਨਾ ਜੀ ਇਕ ਸੂਝਵਾਨ ਅਤੇ ਅਸੂਲਾਂ ਤੇ ਪਹਿਰਾ ਦੇਣ ਵਾਲੇ ਸਤਿਕਾਰਯੋਗ ਗਾਇਕ ਸਨ। ਉਹ ਪੰਜਾਬੀ ਗਾਇਕਾਂ ਵਿੱਚੋਂ ਅਲਗ, ਵਿਲੱਖਣ ਅਤੇ ਮਾਣਮੱਤੀ ਟੌਹਰ ਅਤੇ ਸ਼ਖ਼ਸੀਅਤ ਦੇ ਧਨੀ ਸਨ।
ਜਦੋਂ ਉਹ ਮੰਚ ਵਲ ਆਉਂਦੇ ਤਾਂ ਕਈਆਂ ਨੂੰ ਮੰਤਰੀ ਦਾ ਹੀ ਭੁਲੇਖਾ ਪਾਉਂਦੇ ਸਨ। ਉਸ ਸਮੇਂ ਸ਼ੇਰਵਾਨੀ ਅਤੇ ਚਿਟੀ ਚੂੜੀਦਾਰ ਪਜਾਮੀ ਪਹਿਨਦੇ ਸਨ। ਜ਼ਿਆਦਾ ਸਮਾਂ ਦਿੱਲੀ ਵਿਚ ਹੀ ਰਹੇ ਹਨ। ਆਪ ਜੀ ਆਲ ਇੰਡੀਆ ਰੇਡੀਓ ਦੇ ਮਾਨਤਾ ਪ੍ਰਾਪਤ ਗਾਇਕ ਸਨ।
ਆਪ ਜੀ ਨੇ ਪੰਜਾਬੀ ਸਭਿਆਚਾਰ ਦੇ ਪਵਿੱਤਰ ਵਿਹੜੇ ਵਿੱਚ ਕਦੇ ਲਚਰਤਾ ਨੂੰ ਨਹੀਂ ਪਰੋਸਿਆ । ਇਹਨਾਂ ਦੇ ਗੀਤਾਂ ਦਾ ਇਕ ਸਮਾਜ ਸੁਧਾਰ ਅਤੇ ਦੇਸ਼ ਪਿਆਰ ਦਾ ਮਕਸਦ ਨਿਕਲਦਾ ਸੀ। ਇਨਾਂ ਦੇ ਗੀਤਾਂ ਵਿਚੋਂ ਭਾਰਤ ਅਤੇ ਪੰਜਾਬ ਦੀ ਖੁਸ਼ਹਾਲੀ ਦੀਆਂ ਬਾਤਾਂ ਦੀ ਝਲਕ ਡੁਲ ਡੁਲ ਪੈਂਦੀ ਹੈ।
ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਵਡੇਰੀ ਜਾਗਰੂਕ ਦਾ ਸੰਦੇਸ਼ ਦਿੱਤਾ ਹੈ । ਅਜੋਕੀ ਗਾਇਕੀ ਦੇ ਮਤਲਬ ਕੱਢਣ ਲਈ ਪੰਜਾਬੀ ਦੇ ਫੰਕਾਰਾ ਨੂੰ ਸ਼ਾਇਦ ਹੀ ਕੋਈ ਸਭਿਆਚਾਰਕ ਵਿਰਸੇ, ਪੰਜਾਬੀ ਮਾਂ-ਬੋਲੀ ਅਤੇ ਵਤਨ ਪ੍ਰਸਤੀ ਵਾਲਾ ਕੋਈ ਜਵਾਬ ਮਿਲੇ। ਪਰ ਸਤਿਕਾਰਯੋਗ ਸ਼੍ਰੀ ਮਸਤਾਨਾ ਜੀ ਦੇ ਹਰ ਗੀਤ ਇਸ ਦਾਇਰੇ ਦੇ ਇਰਧ -ਗਿਰਧ ਹੀ ਦਸਤਕ ਦਿੰਦੇ ਹਨ । ਪੰਜਾਬੀ ਦੇ ਮਾਣਮੱਤੇ ਅਤੇ ਗੌਰਵਮਈ ਸਦਾਬਹਾਰ ਅਤੇ ਸਤਿਕਾਰਯੋਗ ਗਾਇਕ ਨੂੰ ਭਾਰਤ ਸਰਕਾਰ ਨੇ ਦੇਸ਼ ਦੇ ਰਾਸ਼ਟਰੀ ਪੁਰਸਕਾਰ ” ਪਦੱਮ ਸ਼੍ਰੀ ਪੁਰਸਕਾਰ, ਨਾਲ ਸਿਰ ਨਿਵਾਂ ਕੇ ਸਨਮਾਨ ਦੇ ਨਾਲ ਸਤਿਕਾਰ ਸਹਿਤ ਨਿਵਾਜਿਆ ਹੈ ।
ਇਸ ਤੋਂ ਇਲਾਵਾ ਹੋਰ ਵੀ ਕਈ ਨਾਮੀ ਮਾਣ-ਸਨਮਾਨਾ ਦੇ ਨਾਲ ਸਨਮਾਨਿਤ ਕਰਕੇ ਸਤਿਕਾਰ ਦਿੱਤਾ ਗਿਆ ਹੈ । ਸਤਿਕਾਰਯੋਗ ਸ਼੍ਰੀ ਮਸਤਾਨਾ ਜੀ ਨੇ ਵਤਨੋਂ ਪਾਰ ਵਸਦੇ ਪੰਜਾਬੀਆਂ ਨੂੰ ਵੀ ਪੰਜਾਬੀ ਸਭਿਆਚਾਰ ਅਤੇ ਮਾਂ ਬੋਲੀ ਦੇ ਨਾਲ ਜੋੜਨ ਦਾ ਵਡੇਰਾ ਉਪਰਾਲਾ ਕੀਤਾ ਹੈ । ਵਿਦੇਸ਼ੀ ਧਰਤੀ ਤੇ ਪੰਜਾਬੀ ਦੀਆਂ ਮਾਣਮੱਤੀਆਂ ਸੰਗੀਤਕ ਧੁਨਾਂ ਤੇ ਮੇਮਾਂ ਨੂੰ ਪੰਜਾਬੀਆਂ ਦੇ ਨਾਲ ਨਚਾਇਆ ਹੈ । ਪੰਜਾਬੀ ਸੰਗੀਤ ਜਗਤ ਵਿਚ ਉਨ੍ਹਾਂ ਵਲੋਂ ਪਾਇਆ ਵਡਮੁੱਲਾ ਅਤੇ ਵਡੇਰਾ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ।