ਪੰਜਾਬ ਦੀ ਧਰਤੀ ਸ਼ਹੀਦਾਂ ਦੀ ਧਰਤੀ ਹੈ। ਜਿੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਵਰਗੇ ਯੋਧਿਆਂ ਨੇ ਜਨਮ ਲਿਆ ਹੈ। ਜਦੋ ਵੀ ਕਦੇ ਭਾਰਤ ਦੀ ਆਜ਼ਾਦੀ ਦੀ ਗੱਲ ਕੀਤੀ ਜਾਂਦੀ ਹੈ, ਤਾਂ ਇਹਨਾਂ ਯੋਧਿਆਂ ਦਾ ਨਾਮ ਸਭ ਤੋਂ ਪਹਿਲਾ ਆਉਂਦਾ ਹੈ। ਦੇਸ਼ ਦੀ ਆਜ਼ਾਦੀ ਲਈ ਜੇਕਰ ਕੁਰਬਾਨੀਆਂ ਦੇਣ ਵਾਲੇ ਯੋਧਿਆਂ ਦੀ ਗੱਲ ਕੀਤੀ ਜਾਵੇ ਤਾਂ ਵੀ ਹਮੇਸ਼ਾ ਪੰਜਾਬੀਆਂ ਦਾ ਨਾਮ ਸਭ ਤੋਂ ਪਹਿਲਾ ਆਉਂਦਾ ਹੈ।
ਅੱਜ ਵੀ ਦੇਸ਼ ਵਿੱਚ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭੇ ਵਰਗੇ ਯੋਧਿਆਂ ਦਾ ਨਾਮ ਬੜੇ ਹੀ ਮਾਣ ਅਤੇ ਸਨਮਾਨ ਨਾਲ ਲਿਆ ਜਾਂਦਾ ਹੈ। ਅੱਜ ਅਸੀਂ ਇੱਕੀਵੀਂ ਸਦੀ ਵਿੱਚ ਕਰਤਾਰ ਸਿੰਘ ਸਰਾਭੇ ਨੂੰ ਵੀ ਵਿਸ਼ੇਸ਼ ਤੌਰ ‘ਤੇ ਯਾਦ ਕਰ ਰਹੇ ਹਾਂ। ਉਸ ਕਰਤਾਰ ਸਿੰਘ ਸਰਾਭੇ ਨੂੰ, ਜੋ ਕ੍ਰਾਂਤੀਕਾਰੀ ਭਗਤ ਸਿੰਘ ਦਾ ਪ੍ਰੇਰਨਾ-ਸ੍ਰੋਤ ਵੀ ਰਿਹਾ ਹੈ ਅਤੇ ਉਨ੍ਹਾਂ ਤੋਂ ਅਗਲੀਆਂ ਪੀੜੀਆਂ ਦਾ ਵੀ। ਇਹ ਵੀ ਕਿਹਾ ਜਾਂਦਾ ਹੈ ਕਿ ਭਗਤ ਸਿੰਘ, ਕਰਤਾਰ ਸਿੰਘ ਸਰਾਭੇ ਦੀ ਫੋਟੋ ਹਮੇਸ਼ਾਂ ਆਪਣੀ ਜੇਬ ਵਿੱਚ ਰੱਖਦੇ ਸਨ।
ਦਰਅਸਲ ਅੱਜ ਅਮਰ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਜਨਮ ਦਿਨ ਹੈ। 1896 ਵਿੱਚ 24 ਮਈ ਦੇ ਦਿਨ ਲੁਧਿਆਣੇ ਜਿਲ੍ਹੇ ਦੇ ਪਿੰਡ ਸਰਾਭਾ ਵਿਖੇ ਮਾਤਾ ਸਾਹਿਬ ਕੌਰ ਅਤੇ ਪਿਤਾ ਮੰਗਲ ਸਿੰਘ ਦੇ ਘਰ ਕਰਤਾਰ ਸਿੰਘ ਸਰਾਭੇ ਨੇ ਜਨਮ ਲਿਆ ਸੀ। ਬਚਪਨ ਵਿੱਚ ਹੀ ਉਨ੍ਹਾਂ ਦੇ ਮਾਤਾ-ਪਿਤਾ ਦਾ ਦੇਹਾਂਤ ਹੋਣ ਕਾਰਨ ਕਰਤਾਰ ਸਿੰਘ ਅਤੇ ਉਨ੍ਹਾਂ ਦੀ ਭੈਣ ਧੰਨ ਕੌਰ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਦਾਦਾ ਸਰਦਾਰ ਬਚਨ ਸਿੰਘ ਦੇ ਮੋਢਿਆਂ ‘ਤੇ ਆ ਗਈ ਸੀ।
ਕਰਤਾਰ ਸਿੰਘ ਸਰਾਭਾ ਨੇ ਮੁੱਢਲੀ ਵਿੱਦਿਆ ਸਰਾਭਾ ਪਿੰਡ ਵਿੱਚ ਹੀ ਪ੍ਰਾਪਤ ਕੀਤੀ ਸੀ। ਅੱਠਵੀਂ ਤੱਕ ਦੀ ਸਿੱਖਿਆ ਮਾਲਵਾ ਖਾਲਸਾ ਸਕੂਲ, ਲੁਧਿਆਣਾ ਤੋਂ ਪ੍ਰਾਪਤ ਕੀਤੀ। ਇਸ ਮਗਰੋਂ ਕਰਤਾਰ ਸਿੰਘ ਆਪਣੇ ਚਾਚਾ ਵੀਰ ਸਿੰਘ ਜੋ ਉੜੀਸਾ ਦੇ ਸ਼ਹਿਰ ਕਟਕ ਵਿੱਚ ਡਾਕਟਰ ਲੱਗੇ ਹੋਏ ਸਨ, ਉਨ੍ਹਾਂ ਕੋਲ ਚਲੇ ਗਏ ਅਤੇ ਉੱਥੋਂ ਦੀ ਰੇਵਨਸ਼ਾਹ ਯੂਨੀਵਰਸਿਟੀ ਤੋਂ ਦਸਵੀਂ ਤੱਕ ਦੀ ਪੜ੍ਹਾਈ ਕੀਤੀ। ਕਰਤਾਰ ਸਿੰਘ ਪੜ੍ਹਾਈ ਵਿੱਚ ਸ਼ੁਰੂ ਤੋਂ ਬਹੁਤ ਹੁਸ਼ਿਆਰ ਸੀ, ਉਨ੍ਹਾਂ ਦੇ ਦਾਦਾ ਜੀ ਉਨ੍ਹਾਂ ਨੂੰ ਉੱਚੇ ਅਹੁਦੇ ‘ਤੇ ਵੇਖਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਦੇ ਦਾਦਾ ਜੀ ਨੇ ਉਚੇਰੀ ਪੜ੍ਹਾਈ ਲਈ ਕਰਤਾਰ ਸਿੰਘ ਨੂੰ ਅਮਰੀਕਾ ਭੇਜ ਦਿੱਤਾ, ਉੱਥੇ ਉਨ੍ਹਾਂ ਨੇ ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੀ ਵਿੱਚ ਰਸਾਇਣ ਵਿਗਿਆਨ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : Big Breaking : ਦੀਪ ਸਿੱਧੂ ‘ਤੇ ਦਰਜ ਹੋਇਆ ਇੱਕ ਹੋਰ ਕੇਸ, ਜਾਣੋ ਕੀ ਹੈ ਪੂਰਾ ਮਾਮਲਾ
ਕਰਤਾਰ ਸਿੰਘ ਸਰਾਭਾ ਆਪਣੇ ਬਹੁਤ ਛੋਟੇ ਜਿਹੇ ਰਾਜਨੀਤਕ ਜੀਵਨ ਦੇ ਦਲੇਰਾਨਾ ਕੰਮਾਂ ਦੇ ਕਾਰਨ ਗ਼ਦਰ ਪਾਰਟੀ ਦੇ ਲੋਕ ਨਾਇਕ ਦੇ ਰੂਪ ਵਿੱਚ ਉੱਭਰੇ। ਜਿਸ ਕਾਰਨ ਸ਼ਹੀਦੇ-ਆਜ਼ਮ ਭਗਤ ਸਿੰਘ ਉਹਨਾਂ ਨੂੰ ਆਪਣਾ ਆਦਰਸ਼ ਮੰਨਦੇ ਸਨ। ਜ਼ਿਕਰਯੋਗ ਹੈ ਕਿ ਕਰਤਾਰ ਸਿੰਘ ਸਰਾਭਾ ਇੱਕ ਹੌਂਸਲੇ ਵਾਲਾ ਅਤੇ ਦਲੇਰ ਯੋਧਾ ਸੀ ਕਿਉਂਕ ਜਿੰਦਗੀ ਦੇ ਅਖ਼ੀਰਲੇ ਦਿਨਾਂ ਵਿੱਚ ਜੇਲ੍ਹ ਵਿੱਚ ਰਹਿੰਦੇ ਹੋਏ ਕਰਤਾਰ ਸਿੰਘ ਸਰਾਭਾ ਦਾ ਭਾਰ 14 ਪੌਂਡ ਵੱਧ ਗਿਆ ਸੀ ਜੋ ਉਨ੍ਹਾਂ ਦੇ ਹੌਂਸਲੇ ਤੇ ਦਲੇਰੀ ਨੂੰ ਆਪਣੇ ਆਪ ਬਿਆਨ ਕਰਦਾ ਹੈ। ਅਦਾਲਤ ਵਿੱਚ ਕਰਤਾਰ ਸਿੰਘ ਸਰਾਭਾ ਦੀ ਆਖਰੀ ਬੋਲ ਵੀ ਉਨ੍ਹਾਂ ਦੀ ਦਲੇਰੀ ਦੀ ਮਿਸਾਲ ਦਿੰਦੇ ਹਨ- “ਮੈਨੂੰ ਉਮਰ-ਕੈਦ ਜਾਂ ਮੌਤ ਦੀ ਸਜ਼ਾ ਮਿਲ ਸਕਦੀ ਹੈ ਪਰ ਮੈਂ ਮੌਤ ਦੀ ਸਜ਼ਾ ਨੂੰ ਤਰਜੀਹ ਦੇਵਾਂਗਾ ਤਾਂ ਜੋ ਦੁਬਾਰਾ ਜਨਮ ਲੈ ਕੇ ਮੈਂ ਫ਼ਿਰ ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਸ਼ਾਮਿਲ ਹੋ ਸਕਾਂ। ਮੈਂ ਵਾਰ ਵਾਰ ਓਦੋਂ ਤੱਕ ਮਰਨਾ ਚਾਹਾਂਗਾ ਜਦੋਂ ਤੱਕ ਕਿ ਭਾਰਤ ਅਜ਼ਾਦ ਨਹੀਂ ਹੋ ਜਾਂਦਾ। ਇਹੀ ਮੇਰੀ ਆਖ਼ਰੀ ਇੱਛਾ ਹੈ।”
ਇਹ ਵੀ ਪੜ੍ਹੋ : ਅੱਜ ਹਿਸਾਰ ‘ਚ ਵੱਡਾ ਪ੍ਰਦਰਸ਼ਨ ਕਰਨਗੇ ਕਿਸਾਨ, ਪ੍ਰਸ਼ਾਸਨ ਨੇ RAF ਨੂੰ ਕੀਤਾ ਤੈਨਾਤ, ਜਾਣੋ ਕੀ ਹੈ ਪੂਰਾ ਮਾਮਲਾ
ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ ਤੂਫਾਨਾ ਦੇ ਸ਼ਾਹ ਅਸਵਾਰ ਵੀ ਕਿਹਾ ਜਾਂਦਾ ਹੈ। ਕਰਤਾਰ ਸਿੰਘ ਸਰਾਭਾ ਦੇ ਇਹ ਬੋਲ ਹਰ ਭਾਰਤੀ ਨੂੰ ਹਮੇਸ਼ਾ ਪ੍ਰੇਰਨਾ ਦਿੰਦੇ ਰਹੇ ਜਿਸ ਦੇ ਕਾਰਨ ਹਮੇਸ਼ਾ ਪੰਜਾਬ ਵਿੱਚ ਸਮੇਂ-ਸਮੇਂ ‘ਤੇ ਹਕੂਮਤ ਦੇ ਖਿਲਾਫ ਆਵਾਜ਼ ਬੁਲੰਦ ਹੁੰਦੀ ਰਹੀ। 16 ਨਵੰਬਰ 1915 ਨੂੰ ਸਾਢੇ ਉੱਨੀ ਸਾਲ ਦੇ ਜਵਾਨ ਕਰਤਾਰ ਸਿੰਘ ਸਰਾਭਾ ਨੂੰ ਉਹਨਾਂ ਦੇ ਛੇ ਹੋਰ ਸਾਥੀਆਂ – ਬਖਸ਼ੀਸ਼ ਸਿੰਘ, ਜ਼ਿਲ੍ਹਾ ਅੰਮ੍ਰਿਤਸਰ; ਹਰਨਾਮ ਸਿੰਘ, ਜ਼ਿਲ੍ਹਾ ਸਿਆਲਕੋਟ; ਜਗਤ ਸਿੰਘ, ਜ਼ਿਲ੍ਹਾ ਲਾਹੌਰ; ਸੁਰੈਣ ਸਿੰਘ ਅਤੇ ਸੁਰੈਣ -2 ਦੋਨੋਂ ਜ਼ਿਲ੍ਹਾ ਅੰਮ੍ਰਿਤਸਰ ਅਤੇ ਵਿਸ਼ਨੂੰ ਗਣੇਸ਼ ਪਿੰਗਲੇ, ਜ਼ਿਲ੍ਹਾ ਪੂਨਾ (ਮਹਾਰਾਸ਼ਟਰ) – ਦੇ ਨਾਲ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਫ਼ਾਂਸੀ ਚੜ੍ਹਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ।
ਇਹ ਵੀ ਦੇਖੋ : ਕੀ ਮੂੰਹ ਦੇ ਛਾਲਿਆਂ ਤੋਂ ਵੀ ਹੋ ਸਕਦੀ ਹੈ ‘Black Fungus ‘ ? ਨਵੇਂ ਲੱਛਣਾਂ ਨੇ ਫਿਕਰਾਂ ‘ਚ ਪਾਏ ਲੋਕ !