ਚੰਡੀਗੜ੍ਹ : ਕੋਰੋਨਾ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਫਲਾਇੰਗ ਸਿੱਖ ਦੇ ਨਾਂ ਨਾਲ ਮਸ਼ਹੂਰ ਪਦਮਸ਼੍ਰੀ ਮਿਲਖਾ ਸਿੰਘ ਦੀ ਹਾਲਤ ਵਿਗੜ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਿਲਖਾ ਸਿੰਘ ਬਹੁਤ ਕਮਜ਼ੋਰ ਮਹਿਸੂਸ ਕਰ ਰਹੇ ਸਨ, ਉਨ੍ਹਾਂ ਦੀ ਸਿਹਤ ਵੀ ਲਗਾਤਾਰ ਵਿਗੜਦੀ ਜਾ ਰਹੀ ਸੀ। ਆਕਸੀਜਨ ਦੀ ਘਾਟ ਕਾਰਨ ਉਨ੍ਹਾਂ ਨੂੰ ਡੀਹਾਈਡ੍ਰੇਸ਼ਨ (ਦਸਤ ਅਤੇ ਉਲਟੀਆਂ) ਹੋ ਰਹੀਆਂ ਸਨ।
ਇਸ ਤੋਂ ਇਲਾਵਾ ਮਿਲਖਾ ਸਿੰਘ ਨੇ ਖਾਣਾ ਵੀ ਛੱਡ ਦਿੱਤਾ ਹੈ। ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਵਿਗੜਦੀ ਹਾਲਤ ਕਾਰਨ ਪੀਜੀਆਈ ਵੱਲੋਂ ਘਰ ਇੱਕ ਅਟੈਂਡੈਂਟ ਅਤੇ ਆਕਸੀਜਨ ਦੀ ਸਹੂਲਤ ਮੁਹੱਈਆ ਕਰਵਾਈ ਗਈ ਸੀ, ਪਰ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ਦੀ ਸਲਾਹ ਲੈਣ ਤੋਂ ਬਾਅਦ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਉਹ ਹੁਣ ਫੋਰਟਿਸ ਵਿਖੇ ਕੋਵਿਡ ਦੇ ਇੰਚਾਰਜ ਡਾ. ਅਮਿਤ ਕੁਮਾਰ ਮੰਡਲ ਦੀ ਨਿਗਰਾਨੀ ਹੇਠ ਇਲਾਜ ਅਧੀਨ ਹੈ।
ਤੁਹਾਨੂੰ ਦੱਸ ਦਈਏ ਕਿ ਮਿਲਖਾ ਸਿੰਘ ਨੂੰ ਮੰਗਲਵਾਰ ਨੂੰ ਬੁਖਾਰ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਟੈਸਟ ਕਰਵਾਇਆ ਤੇ ਉਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ। ਜਿਸ ਤੋਂ ਬਾਅਦ ਉਹ ਸੈਕਟਰ-8 ਸਥਿਤ ਆਪਣੇ ਘਰ ਵਿੱਚ ਹੀ ਆਈਸੋਲੇਸ਼ਨ ਵਿੱਚ ਸਨ। ਮਿਲਖਾ ਸਿੰਘ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਵੀ ਕੋਵਿਡ ਟੈਸਟ ਕੀਤਾ ਗਿਆ, ਜਿਸ ਵਿਚ ਉਨ੍ਹਾਂ ਦੇ ਦੋ ਘਰੇਲੂ ਮਦਦਗਾਰ ਵੀ ਪਾਜ਼ੀਟਿਵ ਪਾਏ ਗਏ, ਜਦਕਿ ਉਨ੍ਹਾਂ ਦੀ ਪਤਨੀ ਨਿਰਮਲ ਕੌਰ, ਨੂੰਹ ਕੁਦਰਤ ਅਤੇ ਪੋਤੇ ਹਰਜੇ ਮਿਲਖਾ ਸਿੰਘ ਦੀ ਰਿਪੋਰਟ ਨੈਗੇਟਿਵ ਸੀ।
ਇਹ ਵੀ ਪੜ੍ਹੋ : ਲੁਧਿਆਣਾ ਦੇ ਨਿੱਜੀ ਹਸਪਤਾਲ ਦੀ ਕਰਤੂਤ- ਕੋਰੋਨਾ ਮਰੀਜ਼ ਦੇ ਇਲਾਜ ਲਈ ਵਸੂਲਿਆ ਤਿੰਨ ਗੁਣਾ ਬਿੱਲ, ਹੋਇਆ ਕੇਸ
ਮਿਲਖਾ ਸਿੰਘ ਦੇ ਪੁੱਤਰ ਜੀਵ ਮਿਲਖਾ ਸਿੰਘ ਨੇ ਦੱਸਿਆ ਕਿ ਪਿਤਾ ਬਹੁਤ ਕਮਜ਼ੋਰ ਮਹਿਸੂਸ ਕਰ ਰਹੇ ਸਨ ਅਤੇ ਬੁੱਧਵਾਰ ਤੋਂ ਉਹ ਕੁਝ ਨਹੀਂ ਖਾ ਰਹੇ ਸਨ, ਇਸ ਲਈ ਸਾਨੂੰ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਹਾਲਾਂਕਿ ਉਨ੍ਹਾਂ ਦੇ ਸਿਹਤ ਸੰਬੰਧੀ ਸਾਰੇ ਪੈਰਾਮੀਟਰ ਠੀਕ ਲੱਗ ਰਹੇ ਹਨ।